ਪੈਟਰੋਲ, ਡੀਜ਼ਲ ਲਈ ਜਲਦ ਹੀ ਤੁਹਾਨੂੰ ਜੇਬ ਕਰਨੀ ਪੈ ਸਕਦੀ ਹੈ ਢਿੱਲੀ

06/07/2020 3:20:18 PM

ਮਾਸਕੋ/ਦੁਬਈ— ਪੈਟਰੋਲ ਤੇ ਡੀਜ਼ਲ ਲਈ ਜਲਦ ਹੀ ਤੁਹਾਨੂੰ ਜੇਬ ਢਿੱਲੀ ਕਰਨੀ ਪੈ ਸਕਦੀ ਹੈ ਕਿਉਂਕਿ ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਮਹਿੰਗਾ ਹੋਣ ਜਾ ਰਿਹਾ ਹੈ। ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ (ਓਪੇਕ) ਅਤੇ ਰੂਸ ਦੀ ਅਗਵਾਈ ਵਾਲੇ ਤੇਲ ਉਤਪਾਦਕ ਦੇਸ਼ ਕੱਚੇ ਤੇਲ ਦੀ ਸਪਲਾਈ 'ਚ ਕਟੌਤੀ 'ਤੇ ਸਹਿਮਤ ਹੋ ਗਏ ਹਨ। ਇਨ੍ਹਾਂ ਦੇ ਗਠਜੋੜ ਨੂੰ ਓਪੇਕ ਪਲੱਸ ਵੀ ਕਿਹਾ ਜਾਂਦਾ ਹੈ। ਓਪੇਕ ਪਲੱਸ ਨੇ ਅਪ੍ਰੈਲ 'ਚ ਸਹਿਮਤੀ ਜਤਾਈ ਸੀ ਕਿ ਕੋਰੋਨਾ ਵਾਇਰਸ ਸੰਕਟ ਕਾਰਨ ਡਿੱਗ ਰਹੀਆਂ ਕੀਮਤਾਂ ਨੂੰ ਵਧਾਉਣ ਲਈ ਮਈ-ਜੂਨ ਮਹੀਨੇ ਦੌਰਾਨ ਕੱਚੇ ਤੇਲ ਦੇ ਉਤਪਾਦਨ 'ਚ ਰੋਜ਼ਾਨਾ 97 ਲੱਖ ਬੈਰਲ ਦੀ ਕਟੌਤੀ ਕੀਤੀ ਜਾਵੇਗੀ। ਹੁਣ ਇਹ ਕਟੌਤੀ ਅਗਲੇ ਮਹੀਨੇ ਤੱਕ ਜਾਰੀ ਰਹੇਗੀ।

ਸ਼ਨੀਵਾਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਮੀਟਿੰਗ 'ਚ ਓਪੇਕ, ਰੂਸ ਤੇ ਉਸ ਦੇ ਸਹਿਯੋਗੀ ਜੁਲਾਈ ਦੇ ਅੰਤ ਤੱਕ ਤੇਲ ਉਤਪਾਦਨ 'ਚ ਰਿਕਾਰਡ ਰੋਜ਼ਾਨਾ 97 ਲੱਖ ਬੈਰਲ ਦੀ ਕਟੌਤੀ ਜਾਰੀ ਰੱਖਣ ਲਈ ਸਹਿਮਤ ਹੋਏ ਹਨ, ਜੋ ਕਿ ਗਲੋਬਲ ਸਪਲਾਈ ਦਾ 10 ਫੀਸਦੀ ਹਿੱਸਾ ਹੈ।
ਓਪੇਕ ਪਲੱਸ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਕਿਉਂਕਿ ਤੇਲ ਖਪਤ ਕਰਨ ਵਾਲੀਆਂ ਵੱਡੀਆਂ ਅਰਥਵਿਵਸਥਾਵਾਂ ਹੁਣ ਮਹਾਮਾਰੀ ਲਾਕਡਾਊਨ ਤੋਂ ਬਾਹਰ ਆ ਰਹੀਆਂ ਹਨ, ਲਿਹਾਜਾ ਮੰਗ 'ਚ ਵਾਧਾ ਹੋਵੇਗਾ ਅਤੇ ਕੋਰੋਨਾ ਵਾਇਰਸ ਲਾਕਡਾਊਨ ਕਾਰਨ ਕੀਮਤਾਂ 'ਚ ਹੋਏ ਭਾਰੀ ਨੁਕਸਾਨ ਦੀ ਭਰਪਾਈ ਹੋ ਸਕੇਗੀ। ਸਾਊਦੀ ਵਰਗੇ ਤੇਲ ਉਤਪਾਦਕ ਦੇਸ਼ਾਂ ਦੀ ਜੀ. ਡੀ. ਪੀ. 'ਚ ਕੱਚੇ ਤੇਲ ਦਾ ਵੱਡਾ ਹਿੱਸਾ ਹੈ।

42 ਡਾਲਰ 'ਤੇ ਪੁੱਜਾ ਕੱਚਾ ਤੇਲ

ਸਾਊਦੀ-ਰੂਸ ਵਿਚਕਾਰ 'ਪ੍ਰਾਈਸ ਵਾਰ' ਅਤੇ ਮੰਗ 'ਚ ਗਿਰਾਵਟ ਕਾਰਨ ਅਪ੍ਰੈਲ 'ਚ ਕੌਮਾਂਤਰੀ ਬੈਂਚਮਾਰਕ ਬ੍ਰੈਂਟ ਕੱਚੇ ਤੇਲ ਦੀ ਕੀਮਤ 20 ਡਾਲਰ ਪ੍ਰਤੀ ਬੈਰਲ ਤੋਂ ਵੀ ਥੱਲ੍ਹੇ ਡਿੱਗ ਗਈ ਸੀ ਪਰ ਹੁਣ ਕੀਮਤਾਂ 40 ਡਾਲਰ ਪ੍ਰਤੀ ਬੈਰਲ ਤੋਂ ਵੀ ਉਪਰ ਹਨ। ਸ਼ੁੱਕਰਵਾਰ ਨੂੰ ਬ੍ਰੈਂਟ ਕੱਚੇ ਤੇਲ ਦੀ ਕੀਮਤ 42 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈ, ਜਿਸ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਭਾਰਤ ਆਪਣੀ ਜ਼ਰੂਰਤ ਦਾ ਲਗਭਗ 80 ਫੀਸਦੀ ਤੇਲ ਦਰਾਮਦ ਕਰਦਾ ਹੈ, ਲਿਹਾਜਾ ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਮਹਿੰਗਾ ਹੋਣ ਨਾਲ ਪੈਟਰੋਲ-ਡੀਜ਼ਲ ਕੀਮਤਾਂ 'ਚ ਵੀ ਵਾਧਾ ਹੋਵੇਗਾ।

Sanjeev

This news is Content Editor Sanjeev