ਉਮੀਦ ਭਰੀ ਖ਼ਬਰ: 2020 'ਚ 50 ਡਾਲਰ ਤੋਂ ਪਾਰ ਨਹੀਂ ਹੋਵੇਗਾ ਕੱਚਾ ਤੇਲ

06/03/2020 4:24:29 PM

ਨਵੀਂ ਦਿੱਲੀ— ਕੌਮਾਂਤਰੀ ਬਾਜ਼ਾਰ 'ਚ ਬੁੱਧਵਾਰ ਨੂੰ ਕਾਰੋਬਾਰ ਦੌਰਾਨ ਇਕ ਸਮੇਂ ਬ੍ਰੈਂਟ ਕੱਚੇ ਤੇਲ ਦੀ ਕੀਮਤ 40 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਗਈ। ਹਾਲਾਂਕਿ, ਕੁਝ ਸਮੇਂ ਪਿੱਛੋਂ ਇਹ 39.30 ਡਾਲਰ 'ਤੇ ਜਾ ਡਿੱਗਾ। ਓਪੇਕ ਤੇ ਉਸ ਦੇ ਸਹਿਯੋਗੀ ਤੇਲ ਉਤਪਾਦਕ ਦੇਸ਼ਾਂ ਵੱਲੋਂ ਕੱਚੇ ਤੇਲ ਦੀ ਸਪਲਾਈ 'ਚ ਕਟੌਤੀ ਦਾ ਵਿਸਥਾਰ ਕਰਨ ਦੀ ਸੰਭਾਵਨਾ ਹੈ। ਉੱਥੇ ਹੀ ਇਸ ਨੂੰ ਭਾਂਪਦੇ ਹੋਏ ਕੁਝ ਅਮਰੀਕੀ ਉਤਪਾਦਕ ਇਕ ਵਾਰ ਫਿਰ ਤੋਂ ਤੇਲ ਦੇ ਨਲ ਖੋਲ੍ਹਣ ਲਈ ਤਿਆਰ ਹਨ। ਇਸ ਨਾਲ ਤੇਲ ਬਾਜ਼ਾਰ 'ਚ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ। ਓਪੇਕ ਤੇ ਗੈਰ ਓਪੇਕ ਸਹਿਯੋਗੀ ਤੇਲ ਉਤਪਾਦਕਾਂ ਦੇ ਸਮੂਹ ਜਿਸ ਨੂੰ ਓਪੇਕ ਪਲੱਸ ਵੀ ਕਿਹਾ ਜਾਂਦਾ ਹੈ, ਦੀ ਅਗਲੀ ਬੈਠਕ ਵੀਰਵਾਰ ਨੂੰ ਹੋਣ ਦੀ ਉਮੀਦ ਹੈ।

ਕੋਰੋਨਾ ਵਾਇਰਸ ਮਹਾਮਾਰੀ ਕਾਰਨ ਮੰਗ ਘੱਟ ਹੋਣ ਕਾਰਨ ਓਪੇਕ ਪਲੱਸ ਨੇ ਅਪ੍ਰੈਲ 'ਚ ਤੇਲ ਉਤਪਾਦਨ 'ਚ ਰਿਕਾਰਡ 97 ਲੱਖ ਬੈਰਲ ਪ੍ਰਤੀ ਦਿਨ ਦੀ ਕਟੌਤੀ ਦਾ ਫੈਸਲਾ ਕੀਤਾ ਸੀ, ਜੋ ਵਿਸ਼ਵ ਪੱਧਰੀ ਉਤਪਾਦਨ ਦਾ ਲਗਭਗ 10 ਫੀਸਦੀ ਹੈ।
ਸਪਲਾਈ 'ਚ ਇਹ ਕਟੌਤੀ 1 ਮਈ ਤੋਂ ਸ਼ੁਰੂ ਹੋਈ ਸੀ, ਜੋ ਜੂਨ ਦੇ ਅਖੀਰ ਤੱਕ ਰਹਿਣ ਵਾਲੀ ਸੀ ਪਰ ਮਾਹਰਾਂ ਤੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਓਪੇਕ ਪਲੱਸ ਦੀ ਬੈਠਕ 'ਚ ਇਹ ਕਟੌਤੀ ਜੁਲਾਈ ਤੋਂ ਸਤੰਬਰ ਤੱਕ ਵਧਾਉਣ ਦੀ ਸਹਿਮਤੀ ਬਣ ਸਕਦੀ ਹੈ। ਲਿਹਾਜਾ ਇਸ ਨਾਲ ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਮਹਿੰਗਾ ਹੋ ਸਕਦਾ ਹੈ। ਹਾਲਾਂਕਿ, ਕੁਝ ਵਿਸ਼ਲੇਸ਼ਕਾਂ ਦਾ ਇਹ ਵੀ ਮੰਨਣਾ ਹੈ ਕਿ 2020 'ਚ ਕੱਚਾ ਤੇਲ 50 ਡਾਲਰ ਪ੍ਰਤੀ ਬੈਰਲ ਤੋਂ ਉਪਰ ਜਾਣ ਦੀ ਸੰਭਾਵਨਾ ਨਹੀਂ ਹੈ। ਬੈਂ੍ਰਟ ਕੱਚਾ ਤੇਲ ਬੁੱਧਵਾਰ ਨੂੰ 40.33 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ, ਜੋ 6 ਮਾਰਚ ਤੋਂ ਬਾਅਦ ਦਾ ਉੱਚਾ ਪੱਧਰ ਹੈ ਅਤੇ ਸੈਸ਼ਨ ਦੌਰਾਨ ਲਗਭਗ ਇਸ 'ਚ 1.9 ਫੀਸਦੀ ਦੀ ਬੜ੍ਹਤ ਦਰਜ ਕੀਤੀ ਗਈ, ਜਦੋਂ ਕਿ ਬਾਅਦ 'ਚ ਇਹ 2-2.5 ਫੀਸਦੀ ਦੀ ਗਿਰਾਵਟ 'ਚ ਕਾਰੋਬਾਰ ਕਰ ਰਿਹਾ ਸੀ। ਮੰਗਲਵਾਰ ਨੂੰ ਇਹ 3 ਫੀਸਦੀ ਤੋਂ ਵੱਧ ਚੜ੍ਹਿਆ ਸੀ।


Sanjeev

Content Editor

Related News