ਟੈਲੀਕਾਮ ''ਚ ਬਚਣਗੇ ਸਿਰਫ 2 ਖਿਡਾਰੀ, ਅਜਿਹਾ ਹੋਵੇਗਾ 5ਜੀ ਦਾ ਬਾਜ਼ਾਰ

Friday, Oct 26, 2018 - 01:38 PM (IST)

ਨਵੀਂ ਦਿੱਲੀ— ਭਾਰਤ 'ਚ 5ਜੀ ਸ਼ੁਰੂ ਹੋਣ ਦੇ ਬਾਅਦ ਸਿਰਫ ਦੋ ਟੈਲੀਕਾਮ ਖਿਡਾਰੀ ਹੀ ਬਾਜ਼ਾਰ 'ਚ ਬਣੇ ਰਹਿ ਸਕਦੇ ਹਨ। ਇਹ ਖਦਸ਼ਾ ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਮਿੱਤਲ ਨੇ ਇਕ ਪ੍ਰੋਗਾਰਮ 'ਚ ਪ੍ਰਗਟ ਕੀਤਾ। ਵੀਰਵਾਰ ਨੂੰ ਇੰਡੀਆ ਮੋਬਾਇਲ ਕਾਂਗਰਸ-2018 'ਚ ਪਹਿਲੀ ਵਾਰ ਰਿਲਾਇੰਸ ਜਿਓ ਦੇ ਮੁਕੇਸ਼ ਅੰਬਾਨੀ, ਏਅਰਟੈੱਲ ਦੇ ਸੁਨੀਲ ਮਿੱਤਲ ਅਤੇ ਆਈਡੀਆ-ਵੋਡਾਫੋਨ ਦੇ ਕੁਮਾਰ ਮੰਗਲਮ ਬਿਰਲਾ ਇਕ ਮੰਚ 'ਤੇ ਸਨ।

ਇਸ ਦੌਰਾਨ ਇਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ। ਜਦੋਂ ਮੰਚ 'ਤੇ ਅੰਬਾਨੀ ਭਾਸ਼ਣ ਦੇ ਰਹੇ ਸਨ ਤਾਂ ਮਿੱਤਲ ਜ਼ਿਆਦਾ ਉਤਸ਼ਾਹਤ ਨਹੀਂ ਦਿਸੇ। ਉਹ ਜ਼ਿਆਦਾਤਰ ਸਮੇਂ ਫੋਨ 'ਚ ਹੀ ਰੁਝੇ ਰਹੇ। ਉਦਘਾਟਨ ਪ੍ਰੋਗਰਾਮ 'ਚ ਜ਼ਿਆਦਾ ਫੋਕਸ ਭਾਰਤ 'ਚ 5ਜੀ ਲਿਆਉਣ 'ਤੇ ਰਿਹਾ, ਜਿਸ 'ਚ ਵਾਰ-ਵਾਰ ਜਿਓ ਦਾ ਹੀ ਨਾਮ ਆਉਂਦਾ ਰਿਹਾ। ਮਿੱਤਲ ਨੇ ਤਾਂ ਇਸ 'ਤੇ ਜ਼ਿਆਦਾ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਬਿਰਲਾ ਨੇ ਜ਼ਰੂਰ ਅੰਬਾਨੀ ਦੇ ਭਾਸ਼ਣ 'ਤੇ ਤਾੜੀਆਂ ਵਜਾਈਆਂ। ਮਿੱਤਲ ਦੇ ਭਾਸ਼ਣ ਨੂੰ ਸਭ ਨੇ ਇਸ ਲਿਹਾਜ ਨਾਲ ਸੁਣਿਆ ਕਿ ਉਨ੍ਹਾਂ ਨੂੰ ਭਵਿੱਖ ਦੀ ਯੋਜਨਾ ਬਾਰੇ ਪਤਾ ਲੱਗੇ। ਮਿੱਤਲ ਨੇ ਯੋਜਨਾ ਤਾਂ ਨਹੀਂ ਦੱਸੀ ਪਰ ਉਨ੍ਹਾਂ ਦੇ ਭਾਸ਼ਣ ਨਾਲ ਤੈਅ ਹੋ ਗਿਆ ਕਿ ਉਹ ਜਿਓ ਦਾ ਲੋਹਾ ਮੰਨ ਚੁੱਕੇ ਹਨ।

ਸੁਨੀਲ ਮਿੱਤਲ ਨੇ ਕਿਹਾ ਕਿ ਪਿਛਲਾ ਸਾਲ ਕਈ ਵੱਡੇ ਬਦਲਾਵਾਂ ਨੂੰ ਲੈ ਕੇ ਆਇਆ ਹੈ। ਬਹੁਤ ਲੋਕਾਂ ਦੀਆਂ ਨੌਕਰੀਆਂ ਗਈਆਂ ਹਨ। ਇਹ ਬਦਲਾਅ ਦੀ ਕੀਮਤ ਹੈ। ਹੁਣ ਇੰਡਸਟਰੀ 'ਚ ਉਥਲ-ਪੁਥਲ ਰੁਕ ਚੁੱਕੀ ਹੈ। ਦੂਜੇ ਵੱਡੇ ਦੇਸ਼ਾਂ ਦੀ ਤਰ੍ਹਾਂ ਭਾਰਤ 'ਚ ਵੀ ਟੈਲੀਕਾਮ 'ਚ 3 ਕੰਪਨੀਆਂ ਤੋਂ ਜ਼ਿਆਦਾ ਦੀ ਜਗ੍ਹਾ ਨਹੀਂ ਹੈ। 5ਜੀ ਆਉਣ ਦੇ ਬਾਅਦ ਇਹ ਜਗ੍ਹਾ ਹੋਰ ਸੁੰਗੜ ਸਕਦੀ ਹੈ। ਉਨ੍ਹਾਂ ਕਿਹਾ ਕਿ 5ਜੀ ਆਉਣ ਦੇ ਬਾਅਦ ਸਿਰਫ ਦੋ ਟੈਲੀਕਾਮ ਕੰਪਨੀਆਂ ਦੀ ਹੀ ਜਗ੍ਹਾ ਰਹਿ ਜਾਵੇਗੀ। ਮਿੱਤਲ ਨੇ ਕਿਹਾ, ''ਵੋਡਾ-ਆਈਡੀਆ ਰਲੇਵੇਂ ਦੇ ਇਲਾਵਾ ਕਈ ਆਪਰੇਟਰਾਂ ਨੂੰ ਭਾਰੀ ਪ੍ਰੇਸ਼ਾਨੀ 'ਚੋਂ ਲੰਘਣਾ ਪਿਆ, ਲੋਕਾਂ ਦੀਆਂ ਨੌਕਰੀਆਂ ਗਈਆਂ, 3.5 ਲੱਖ ਕਰੋੜ ਰੁਪਏ ਦਾ ਨਿਵੇਸ਼ ਵੱਟੇ ਖਾਤੇ 'ਚ ਚਲਾ ਗਿਆ।'' ਰਿਲਾਇੰਸ ਜਿਓ ਦੇ ਬਾਜ਼ਾਰ 'ਚ ਉਤਰਨ ਨਾਲ ਦੂਰਸੰਚਾਰ ਇੰਡਸਟਰੀ ਦਾ ਸਮੀਕਰਣ ਬਦਲ ਗਿਆ ਹੈ। ਕਈ ਆਪਰੇਟਰਾਂ ਨੂੰ ਆਪਣਾ ਕੰਮਕਾਜ ਸਮੇਟਣਾ ਪਿਆ ਜਾਂ ਉਨਾਂ ਦਾ ਦੂਜੀਆਂ ਕੰਪਨੀਆਂ 'ਚ ਰਲੇਵਾਂ ਹੋ ਗਿਆ।


Related News