3 ਸਾਲਾਂ ''ਚ ਢਾਈ ਗੁਣਾ ਹੋ ਜਾਵੇਗਾ ਆਨਲਾਈਨ ਪ੍ਰਚੂਨ ਬਾਜ਼ਾਰ

02/20/2018 5:06:54 AM

ਨਵੀਂ ਦਿੱਲੀ-ਇੰਟਰਨੈੱਟ ਦੀ ਪਹੁੰਚ ਵਧਣ ਅਤੇ ਆਨਲਾਈਨ ਖਰੀਦਦਾਰੀ ਪ੍ਰਤੀ ਵਧਦੀ ਜਾਗਰੂਕਤਾ ਦੇ ਜ਼ੋਰ 'ਤੇ ਪਿਛਲੇ 3 ਸਾਲਾਂ 'ਚ ਤਿੰਨ ਗੁਣਾ ਵਧਣ ਵਾਲੇ ਆਨਲਾਈਨ ਪ੍ਰਚੂਨ ਬਾਜ਼ਾਰ ਦੀ ਇਹ ਰਫ਼ਤਾਰ ਅਗਲੇ ਤਿੰਨ ਸਾਲ ਵੀ ਜਾਰੀ ਰਹਿਣ ਦੀ ਉਮੀਦ ਹੈ ਤੇ ਇਸ ਦੇ ਢਾਈ ਗੁਣਾ ਹੋ ਕੇ ਕਰੀਬ 1,800 ਅਰਬ ਰੁਪਏ 'ਤੇ ਪੁੱਜਣ ਦੀ ਉਮੀਦ ਹੈ। ਸਾਖ ਨਿਰਧਾਰਕ ਅਤੇ ਨਿਵੇਸ਼ ਸਲਾਹ ਕੰਪਨੀ ਕ੍ਰਿਸਿਲ ਦੀ ਇਕ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ।
 ਕ੍ਰਿਸਿਲ ਨੇ ਦੱਸਿਆ ਕਿ ਵਿੱਤੀ ਸਾਲ 2013-14 'ਚ ਦੇਸ਼ ਦਾ ਆਨਲਾਈਨ ਪ੍ਰਚੂਨ ਕਾਰੋਬਾਰ ਬਾਜ਼ਾਰ 200 ਤੋਂ 250 ਅਰਬ ਰੁਪਏ ਦਾ ਸੀ ਤੇ ਅੰਦਾਜ਼ੇ ਮੁਤਾਬਕ ਸਾਲ 2016-17 'ਚ ਇਹ ਵਧ ਕੇ 680-730 ਅਰਬ ਰੁਪਏ 'ਤੇ ਪਹੁੰਚ ਗਿਆ। ਉਸ ਦਾ ਕਹਿਣਾ ਹੈ ਕਿ ਇਸ ਦੌਰਾਨ ਕੰਪਨੀਆਂ ਦਾ ਮੁੱਖ ਫੋਕਸ ਰੈਡੀਮੇਡ ਪਹਿਰਾਵਿਆਂ, ਮੋਬਾਇਲ ਫੋਨ ਅਤੇ ਇਲੈਕਟ੍ਰਾਨਿਕ ਉਪਕਰਨਾਂ 'ਤੇ ਰਿਹਾ। ਕੰਪਨੀਆਂ ਨੇ ਆਪਣੀ ਬਾਜ਼ਾਰ ਹਿੱਸੇਦਾਰੀ ਵਧਾਉਣ ਲਈ ਛੋਟ ਅਤੇ ਸੇਲ ਆਦਿ 'ਤੇ ਫੋਕਸ ਕੀਤਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਅਗਲੇ ਦੌਰ 'ਚ ਕੰਪਨੀਆਂ ਖਾਣ-ਪੀਣ ਦੇ ਸਾਮਾਨ ਅਤੇ ਗ੍ਰਾਸਰੀ 'ਤੇ ਫੋਕਸ ਕਰਨਗੀਆਂ ਅਤੇ ਉਨ੍ਹਾਂ ਦਾ ਟੀਚਾ ਆਪਣੇ ਬਾਜ਼ਾਰ ਨੂੰ ਮਜ਼ਬੂਤੀ ਪ੍ਰਦਾਨ ਕਰਨਾ, ਵੱਖ-ਵੱਖ ਖੇਤਰਾਂ 'ਚ ਵਿਸਥਾਰ ਅਤੇ ਕਾਰੋਬਾਰ ਨੂੰ ਸਹੀ ਤਰੀਕੇ ਸਥਾਪਿਤ ਕਰਨ 'ਤੇ ਹੋਵੇਗਾ। ਨਾਲ ਹੀ ਉਹ ਬਿਹਤਰ ਸੇਵਾਵਾਂ ਦੇ ਮਾਧਿਅਮ ਨਾਲ ਪੁਰਾਣੇ ਗਾਹਕਾਂ ਨੂੰ ਬਚਾਉਣ 'ਤੇ ਵੀ ਜ਼ੋਰ ਦੇਣਗੀਆਂ। ਉਸ ਨੇ ਕਿਹਾ ਹੈ ਕਿ ਇਨ੍ਹਾਂ ਕੋਸ਼ਿਸ਼ਾਂ ਦੇ ਦਮ 'ਤੇ 35-40 ਫ਼ੀਸਦੀ ਦੀ ਸਾਲਾਨਾ ਦਰ ਨਾਲ ਵਧਦੇ ਹੋਏ ਸਾਲ 2019-20 ਤੱਕ ਆਨਲਾਈਨ ਪ੍ਰਚੂਨ ਕਾਰੋਬਾਰ ਦਾ ਬਾਜ਼ਾਰ 1,750 ਤੋਂ 1,950 ਅਰਬ ਰੁਪਏ 'ਤੇ ਪਹੁੰਚ ਜਾਵੇਗਾ। ਇਸ 'ਚ ਕਿਹਾ ਗਿਆ ਹੈ ਕਿ ਭਾਵੇਂ ਪਿਛਲੇ 3 ਸਾਲਾਂ 'ਚ ਇਹ ਬਾਜ਼ਾਰ ਤੇਜ਼ੀ ਨਾਲ ਵਧਿਆ ਹੈ ਪਰ ਦੇਸ਼ ਦੇ ਕੁਲ ਪ੍ਰਚੂਨ ਕਾਰੋਬਾਰ (49,000 ਅਰਬ ਰੁਪਏ) 'ਚ ਇਸ ਦੀ ਹਿੱਸੇਦਾਰੀ ਸਿਰਫ਼ 1.5 ਫ਼ੀਸਦੀ ਹੈ, ਇਸ ਲਈ ਆਉਣ ਵਾਲੇ ਸਮੇਂ 'ਚ ਵੀ ਖੇਤਰ 'ਚ ਤੇਜ਼ ਵਿਕਾਸ ਜਾਰੀ ਰਹਿਣ ਦੀ ਉਮੀਦ ਹੈ।

: