ਭਾਰਤ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ 'ਚ ਪਿਆਜ਼ ਦਾ ਮੁੱਲ ਡਿੱਗਾ

12/09/2019 2:06:26 PM

ਨਵੀਂ ਦਿੱਲੀ— ਭਾਰਤ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ 'ਚ ਪਿਆਜ਼ ਕੀਮਤਾਂ ਡਿੱਗਣ ਨਾਲ ਲੋਕਾਂ ਨੂੰ ਜਲਦ ਹੀ ਰਾਹਤ ਮਿਲਣ ਦੀ ਸੰਭਾਵਨਾ ਹੈ। ਬਾਜ਼ਾਰ 'ਚ ਸਪਲਾਈ ਵਧਣੀ ਸ਼ੁਰੂ ਹੋ ਗਈ ਹੈ। ਮੰਡੀ 'ਚ ਹੁਣ ਲੋਕਲ ਦੇ ਨਾਲ-ਨਾਲ ਵਿਦੇਸ਼ੀ ਖੇਪ ਪਹੁੰਚ ਰਹੀ ਹੈ। ਸੋਮਵਾਰ ਨੂੰ ਦਿੱਲੀ ਦੀ ਆਜ਼ਾਦਪੁਰ ਮੰਡੀ 'ਚ ਪਿਆਜ਼ ਦੀ ਥੋਕ ਕੀਮਤ ਪਿਛਲੇ ਹਫਤੇ ਨਾਲੋਂ 5 ਰੁਪਏ ਘੱਟ 50 ਤੋਂ 75 ਰੁਪਏ ਵਿਚਕਾਰ ਬੋਲੀ ਗਈ।


ਦਿੱਲੀ ਦੀ ਆਜ਼ਾਦਪੁਰ ਮੰਡੀ ਦੇਸ਼ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਹੈ। ਇੱਥੇ ਕੀਮਤਾਂ ਘਟਣ ਦਾ ਮਤਲਬ ਹੈ ਕਿ ਦੇਸ਼ ਦੇ ਕਈ ਬਾਜ਼ਾਰਾਂ 'ਤੇ ਇਸ ਦਾ ਪ੍ਰਭਾਵ ਹੋਵੇਗਾ। ਸੋਮਵਾਰ ਨੂੰ ਇਸ ਮੰਡੀ 'ਚ ਤਕਰੀਬਨ 24,000 ਬੋਰੀਆਂ ਦੀ ਆਮਦ ਹੋਈ, ਹਰੇਕ 'ਚ 55 ਕਿਲੋ ਪਿਆਜ਼ ਸੀ।

ਪਿਆਜ਼ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸ਼ਰਮਾ ਨੇ ਕਿਹਾ ਕਿ ਸਥਾਨਕ ਉਪਜ ਤੋਂ ਇਲਾਵਾ 200 ਟਨ ਦਰਾਮਦ ਪਿਆਜ਼ ਵੀ ਮੰਡੀ ਪੁੱਜਾ, ਜਿਸ ਕਾਰਨ ਕੀਮਤਾਂ 'ਚ ਕਮੀ ਦਰਜ ਹੋਈ ਹੈ। ਸੂਤਰਾਂ ਨੇ ਕਿਹਾ ਕਿ ਅਫਗਾਨਿਸਤਾਨ ਅਤੇ ਤੁਰਕੀ ਤੋਂ ਪਿਆਜ਼ ਵੀ ਇੱਥੇ ਪੁੱਜਾ ਹੈ।
ਸੂਤਰਾਂ ਮੁਤਾਬਕ, ਪਿਛਲੇ ਦੋ ਦਿਨਾਂ 'ਚ ਪਿਆਜ਼ ਦੇ 80 ਤੋਂ ਵੱਧ ਟਰੱਕ ਅਫਗਾਨਿਸਤਾਨ ਤੋਂ ਆਏ ਹਨ ਤੇ ਵੱਡੀ ਮਾਤਰਾ 'ਚ ਅਫਗਾਨੀ ਪਿਆਜ਼ ਦੀ ਸਪਲਾਈ ਪੰਜਾਬ 'ਚ  ਕੀਤੀ ਗਈ ਹੈ।