ONGC ’ਚ ਨਕਦੀ ਸੰਕਟ ਹੋਇਆ ਡੂੰਘਾ, 3 ਸਾਲ ’ਚ 9007 ਕਰੋਡ਼ ਰੁਪਏ ਘਟ ਗਿਆ ਕੈਸ਼ ਰਿਜ਼ਰਵ

11/23/2019 1:13:21 AM

ਨਵੀਂ ਦਿੱਲੀ (ਇੰਟ.)-8 ਮਹਾਰਤਨ ਕੰਪਨੀਆਂ ’ਚ ਸ਼ੁਮਾਰ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ ਲਿਮਟਿਡ (ਓ. ਐੱਨ. ਜੀ. ਸੀ.) ’ਚ ਇਨ੍ਹੀਂ ਦਿਨੀਂ ਨਕਦੀ ਸੰਕਟ ਡੂੰਘਾ ਹੋਇਆ ਹੈ। ਆਲਮ ਇਹ ਹੈ ਕਿ 3 ਸਾਲਾਂ ’ਚ ਕੰਪਨੀ ਦੇ ਕੈਸ਼ ਰਿਜ਼ਰਵ ’ਚ 9000 ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਕਮੀ ਆ ਗਈ ਹੈ। ਕੰਪਨੀ ਦੇ ਹੋਰ ਬੈਂਕ ਬੈਲੇਂਸ ’ਚ ਵੀ ਕਮੀ ਦਰਜ ਕੀਤੀ ਗਈ ਹੈ।

ਇਹ ਕੰਪਨੀ ਦੇਸ਼ ’ਚ 60 ਫ਼ੀਸਦੀ ਤੋਂ ਜ਼ਿਆਦਾ ਕੱਚੇ ਤੇਲ ਦਾ ਉਤਪਾਦਨ ਕਰਦੀ ਹੈ। ਅੰਕੜਿਆਂ ਮੁਤਾਬਕ 31 ਮਾਰਚ 2019 ਨੂੰ ਖ਼ਤਮ ਹੋਏ ਵਿੱਤੀ ਸਾਲ ’ਚ ਕੰਪਨੀ ਕੋਲ ਸਿਰਫ 504 ਕਰੋਡ਼ ਰੁਪਏ ਕੈਸ਼ ਰਿਜ਼ਰਵ ਅਤੇ ਬੈਲੇਂਸ ਰਹਿ ਗਿਆ ਹੈ। ਮਾਰਚ 2018 ’ਚ ਇਹ ਡਿੱਗ ਕੇ 1013 ਕਰੋਡ਼ ’ਤੇ ਪੁੱਜਾ ਸੀ। ਅੰਕੜਿਆਂ ਮੁਤਾਬਕ ਮਾਰਚ 2017 ’ਚ ਓ. ਐੱਨ. ਜੀ. ਸੀ. ਦਾ ਕੈਸ਼ ਐਂਡ ਬੈਲੇਂਸ ਰਿਜ਼ਰਵ 9511 ਕਰੋਡ਼ ਸੀ। ਉਸ ਤੋਂ ਪਹਿਲਾਂ ਯਾਨੀ ਮਾਰਚ 2016 ’ਚ ਇਹ ਅੰਕੜਾ 9957 ਕਰੋਡ਼ ਸੀ। ਯਾਨੀ 3 ਸਾਲਾਂ ’ਚ ਕੈਸ਼ ਰਿਜ਼ਰਵ ’ਚ 9007 ਕਰੋਡ਼ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਗਿਰਾਵਟ ਤੇਲ ਵੰਡ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ. ਪੀ. ਸੀ. ਐੱਲ.) ਅਤੇ ਗੁਜਰਾਤ ਸਥਿਤ ਜੀ. ਐੱਸ. ਪੀ. ਸੀ. ਦੀ ਹਿੱਸੇਦਾਰੀ ’ਚ ਸ਼ਾਮਲ 2 ਸੌਦਿਆਂ ਦੀ ਵਜ੍ਹਾ ਨਾਲ ਆਈ ਹੈ।

ਇਨ੍ਹਾਂ ਸੌਦਿਆਂ ਨੇ ਓ. ਐੱਨ. ਜੀ. ਸੀ. ਦੇ ਨਕਦੀ ਭੰਡਾਰ ਨੂੰ ਨੁਕਸਾਨ ਪਹੁੰਚਾਇਆ ਸੀ। ਹਾਲਾਂਕਿ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਓ. ਐੱਨ. ਜੀ. ਸੀ. ਕੋਲ ਬੈਂਕ ਕ੍ਰੈਡਿਟਸ ਅਤੇ ਕੈਪੀਟਲ ਮਾਰਕੀਟਸ ਦੇ ਜ਼ਰੀਏ ਲੋੜੀਂਦਾ ਨਕਦੀ ਭੰਡਾਰ ਹੈ। ਪਿਛਲੇ 6 ਸਾਲਾਂ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮਾਰਚ 2014 ਨੂੰ ਖ਼ਤਮ ਹੋਏ ਵਿੱਤੀ ਸਾਲ ’ਚ ਓ. ਐੱਨ. ਜੀ. ਸੀ. ਦੀ ਖਨਨ ਖੂਹਾਂ ’ਤੇ ਖਰਚਾ ਲਗਭਗ 11,687 ਕਰੋਡ਼ ਤੋਂ ਘਟ ਕੇ 6,016 ਕਰੋਡ਼ ਰੁਪਏ ਰਹਿ ਗਿਆ ਹੈ। ਇੰਨੇ ਸਾਲਾਂ ’ਚ ਇਹ ਗਿਰਾਵਟ ਲਗਭਗ 50 ਫ਼ੀਸਦੀ ਹੈ। ਇਹ ਗਿਰਾਵਟ ਘਰੇਲੂ ਕਰੂਡ ਆਇਲ ਦੇ ਉਤਪਾਦਨ ’ਚ ਆਈ ਗਿਰਾਵਟ ਦੀ ਵਜ੍ਹਾ ਨਾਲ ਹੈ।

ਕਰੂਡ ਆਇਲ ਦਾ ਪ੍ਰੋਡਕਸ਼ਨ ਵੀ ਡਿੱਗਾ

ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਵਿੱਤੀ ਸਾਲ 2011-12 ’ਚ ਕਰੂਡ ਆਇਲ ਦਾ ਪ੍ਰੋਡਕਸ਼ਨ 38.09 ਮਿਲੀਅਨ ਮੀਟ੍ਰਿਕ ਟਨ ਸੀ ਜੋ ਵਿੱਤੀ ਸਾਲ 2017-18 ’ਚ ਡਿੱਗ ਕੇ 35.68 ਮਿਲੀਅਨ ਮੀਟ੍ਰਿਕ ਟਨ ਰਹਿ ਗਿਆ। ਹਾਲਾਂਕਿ ਓ. ਐੱਨ. ਜੀ. ਸੀ. ਵੱਲੋਂ ਖੂਹਾਂ ਦੇ ਵਿਕਾਸ ’ਤੇ ਕੀਤਾ ਗਿਆ ਖਰਚਾ ਪਿਛਲੇ 6 ਸਾਲਾਂ ’ਚ ਸਥਿਰ ਰਿਹਾ ਹੈ। ਵਿੱਤੀ ਸਾਲ 2013-14 ’ਚ ਇਸ ਮਦ ’ਤੇ 8518 ਕਰੋਡ਼ ਰੁਪਏ ਖਰਚ ਕੀਤੇ ਗਏ ਜੋ ਪਿਛਲੇ ਵਿੱਤੀ ਸਾਲ ’ਚ 9,362 ਕਰੋਡ਼ ਰੁਪਏ ਸੀ। ਕੰਪਨੀ ਦੇ ਇਨਵੈਸਟਮੈਂਟ ਹੈੱਡ ’ਚ ਵੀ ਅੰਸ਼ਿਕ ਬਦਲਾਅ ਦੇਖਣ ਨੂੰ ਮਿਲਦਾ ਹੈ। ਸਾਲ 2017-18 ’ਚ ਮਾਰਜਨਲ ਸਲਿਪ (ਨਾਨ-ਕਰੰਟ ਇਨਵੈਸਟਮੈਂਟ) 84,882 ਕਰੋਡ਼ ਰੁਪਏ ਸੀ ਜੋ 2018-19 ’ਚ 85,312 ਕਰੋਡ਼ ਰੁਪਏ ਹੋ ਗਈ।

Karan Kumar

This news is Content Editor Karan Kumar