PM-ਕਿਸਾਨ ਯੋਜਨਾ ਦਾ ਇਕ ਸਾਲ ਪੂਰਾ, FPO ਨੂੰ ਸਰਕਾਰ ਦੇਵੇਗੀ 15 ਲੱਖ ਰੁਪਏ

02/29/2020 6:52:41 PM

ਨਵੀਂ ਦਿੱਲੀ — ਕੇਂਦਰ ਦੀ ਮੋਦੀ ਸਰਕਾਰ ਹੁਣ ਕਿਸਾਨਾਂ ਦੀ ਆਮਦਨੀ ਵਧਾਉਣ ਲਈ ਨਵੀਂ ਪਹਿਲ ਸ਼ੁਰੂ ਕਰਨ ਜਾ ਰਹੀ ਹੈ। ਬਜਟ ਵਿਚ ਕੀਤੇ ਗਏ ਐਲਾਨ ਦੇ ਤਹਿਤ ਕਿਸਾਨ ਅਤੇ ਖੇਤੀਬਾੜੀ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੇ ਗਰੁੱਪ ਨੂੰ 15-15 ਲੱਖ ਰੁਪਏ ਦੀ ਆਰਥਿਕ ਸਹਾਇਤਾ ਮਿਲੇਗੀ। ਇਸ ਲਈ ਉਨ੍ਹਾਂ ਨੂੰ ਇਕ ਕੰਪਨੀ ਯਾਨੀ ਕਿ ਕਿਸਾਨ ਉਤਪਾਦਨ ਸੰਗਠਨ(FPO-Farmer Producer Organisation) ਬਣਾਉਣਾ ਹੋਵੇਗਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ PM-ਕਿਸਾਨ ਯੋਜਨਾ ਦੇ ਤਹਿਤ ਇਕ ਸਾਲ ਪੂਰਾ ਹੋਣ ਦੇ ਮੌਕੇ 'ਤੇ ਚਿੱਤਰਕੂਟ ਤੋਂ ਦੇਸ਼ ਭਰ ਵਿਚ 10 ਹਜ਼ਾਰ ਕਿਸਾਨ ਉਤਪਾਦਕ ਸੰਗਠਨਾਂ ਦੀ ਸ਼ੁਰੂਆਤ ਕਰਨਗੇ। ਇਸ ਬਾਰੇ ਪ੍ਰਧਾਨ ਮੰਤਰੀ ਮੋਦੀ ਟਵੀਟ ਕੀਤਾ ਹੈ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਸੀ। PM Modi ਨੇ ਕਿਹਾ ਕਿ FPO ਨਾਲ ਕਿਸਾਨਾਂ ਨੂੰ ਤਕਨੀਕੀ, ਵਿੱਤੀ ਸਹਿਯੋਗ ਅਤੇ ਬਾਜ਼ਾਰ ਪਹੁੰਚ ਯਕੀਨੀ ਬਣਾਉਣ 'ਚ ਮਦਦ ਮਿਲੇਗੀ।

ਸਰਕਾਰ ਨੇ 10,000 ਨਵੇਂ ਕਿਸਾਨ ਉਤਪਾਦਕ ਸੰਗਠਨ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਅਗਲੇ 5 ਸਾਲ 'ਚ ਇਸ 'ਤੇ 4,496 ਕਰੋੜ ਰੁਪਏ ਖਰਚ ਹੋਣਗੇ। ਇਸ ਦਾ ਰਜਿਸਟ੍ਰੇਸ਼ਨ ਕੰਪਨੀ ਐਕਟ ਵਿਚ ਹੀ ਹੋਵੇਗਾ। ਇਸ ਲਈ ਇਸ 'ਚ ਉਹ ਸਾਰੇ ਲਾਭ ਮਿਲਣਗੇ ਜਿਹੜੇ ਇਕ ਕੰਪਨੀ ਨੂੰ ਮਿਲਦੇ ਹਨ। ਇਹ ਸੰਗਠਨ ਕਾਪਰੇਟਿਵ ਪਾਲੀਟਿਕਸ ਤੋਂ ਪੂਰੀ ਤਰ੍ਹਾਂ ਵੱਖ ਹੋਣਗੇ ਯਾਨੀ ਇਨ੍ਹਾਂ ਕੰਪਨੀਆਂ 'ਤੇ ਕਾਪਰੇਟਿਵ ਐਕਟ ਲਾਗੂ ਨਹੀਂ ਹੋਵੇਗਾ।

ਕੀ ਹੁੰਦਾ ਹੈ ਕਿਸਾਨ ਉਤਪਾਦਕ ਸੰਗਠਨ

ਐਫ.ਪੀ.ਓ.(FPO) ਇਕ ਕਿਸਾਨਾਂ ਦਾ ਸੰਗਠਨ ਹੁੰਦਾ ਹੈ। ਇਸ ਵਿਚ ਖੇਤੀ ਕਰਨ ਵਾਲੇ ਸਾਰੇ ਕਿਸਾਨ ਸ਼ਾਮਲ ਹੁੰਦੇ ਹਨ। ਉਦਾਹਰਨ ਦੇ ਤੌਰ 'ਤੇ FPO ਨੂੰ ਇਕ ਕੰਪਨੀ ਮੰਨਿਆ ਜਾਂਦਾ ਹੈ। ਇਹ ਜਿੰਨੀ ਕਮਾਈ ਕਰਦੀ ਹੈ ਉਸਨੂੰ ਸਾਰੇ ਕਿਸਾਨਾਂ ਵਿਚ ਬਰਾਬਰ ਵੰਡਿਆ ਜਾਂਦਾ ਹੈ। ਇਹ ਸੰਗਠਨ ਕਿਸਾਨਾਂ ਨੂੰ ਸਸਤਾ ਕਰਜ਼ਾ, ਬਿਹਤਰ ਸੰਦ ਅਤੇ ਕਈ ਹੋਰ ਸਰੋਤਾਂ ਦੇ ਜ਼ਰੀਏ ਆਮਦਨ ਵਧਾਉਣ 'ਚ ਸਹਾਇਤਾ ਕਰਦੇ ਹਨ। FPO ਛੋਟੇ ਅਤੇ ਸੀਮਾਂਤ ਕਿਸਾਨਾਂ ਦਾ ਸਮੂਹ ਹੋਵੇਗਾ, ਜਿਸ 'ਚ ਉਸ ਨਾਲ ਜੁੜੇ ਕਿਸਾਨਾਂ ਨੂੰ ਨਾ ਸਿਰਫ ਆਪਣੀ ਉਪਜ ਲਈ ਬਜ਼ਾਰ ਮਿਲੇਗਾ ਸਗੋਂ ਖਾਦ, ਬੀਜ, ਦਵਾਈਆਂ ਅਤੇ ਖੇਤੀਬਾੜੀ ਸੰਦ ਆਦਿ ਖਰੀਦਣਾ ਵੀ ਆਸਾਨ ਹੋਵੇਗਾ। ਸੇਵਾਵਾਂ ਸਸਤੀਆਂ ਮਿਲਣਗੀਆਂ ਅਤੇ ਵਿਚੋਲਿਆਂ ਦੇ ਮੱਕੜਜਾਲ ਤੋਂ ਮੁਕਤੀ ਮਿਲੇਗੀ।


Related News