ਇਕ ਤਿਹਾਈ ਭਾਰਤੀ ਕੰਪਨੀਆਂ ''ਅੰਦਰੂਨੀ'' ਅਤੇ ''ਬਾਹਰੀ'' ਧੋਖਾਧੜੀ ਦਾ ਸ਼ਿਕਾਰ : ਰਿਪੋਰਟ

10/01/2019 5:33:07 PM

ਨਵੀਂ ਦਿੱਲੀ — ਦੇਸ਼ ਦੀਆਂ ਤਕਰੀਬਨ ਇਕ ਤਿਹਾਈ ਕੰਪਨੀਆਂ ਨੂੰ ਪਿਛਲੇ ਇਕ ਸਾਲ ਦੌਰਾਨ ਧੋਖਾਧੜੀ ਦਾ ਸਾਹਮਣਾ ਕਰਨਾ ਪਿਆ ਹੈ। ਕਰੋਲ ਦੀ ਸਾਲਾਨਾ ਗਲੋਬਲ ਧੋਖਾਧੜੀ ਅਤੇ ਜੋਖਮ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਕੰਪਨੀਆਂ 'ਅੰਦਰੋਂ' ਅਤੇ 'ਬਾਹਰੋਂ' ਦੋਵਾਂ ਪਾਸਿਆਂ ਤੋਂ ਧੋਖਾਧੜੀ ਦਾ ਸ਼ਿਕਾਰ ਬਣੀਆ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਕੰਪਨੀਆਂ ਸਭ ਤੋਂ ਜ਼ਿਆਦਾ ਅੰਕੜੇ(ਡਾਟਾ ਚੋਰੀ) ਦਾ ਸ਼ਿਕਾਰ ਬਣਦੀਆਂ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਿਸੇ ਤੀਜੇ ਪੱਖ ਦੇ ਕਾਰਨ 33 ਪ੍ਰਤੀਸ਼ਤ ਕੰਪਨੀਆਂ ਦੀ ਸਾਖ ਨੂੰ ਧੱਕਾ ਲੱਗਦਾ ਹੈ। ਵਿਸ਼ਵਵਿਆਪੀ ਤੌਰ 'ਤੇ ਇਹ ਅੰਕੜਾ 29 ਪ੍ਰਤੀਸ਼ਤ ਤੱਕ ਦਾ ਹੈ। ਸਭ ਤੋਂ ਵਧ ਘਟਨਾਵਾਂ ਡਾਟਾ ਚੋਰੀ ਦੀਆਂ ਹੀ ਹਨ। ਪਿਛਲੇ 12 ਮਹੀਨਿਆਂ ਦੌਰਾਨ 41 ਫੀਸਦੀ ਭਾਰਤੀ ਕੰਪਨੀਆਂ ਨੂੰ ਡਾਟਾ ਚੋਰੀ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਪੱਧਰ 'ਤੇ 29 ਪ੍ਰਤੀਸ਼ਤ ਕੰਪਨੀਆਂ ਇਸ ਸਮੱਸਿਆਂ ਤੋਂ ਪ੍ਰਭਾਵਤ ਹਨ। ਕਰੋਲ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਭਾਰਤ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਅੰਕੜਿਆਂ ਦੀ ਚੋਰੀ (84 ਫੀਸਦੀ), ਸਾਖ ਨੂੰ ਧੱਕਾ ( 81 ਫੀਸਦੀ) ਅਤੇ ਸੋਸ਼ਲ ਮੀਡੀਆ ( 81 ਫੀਸਦੀ) ਗਤੀਵਿਧੀਆਂ ਹਨ। ਰਿਪੋਰਟ 'ਚ ਸ਼ਾਮਲ ਜ਼ਿਆਦਾਤਰ ਲੋਕਾਂ ਨੇ ਦੱਸਿਆ ਕਿ ਇਹ ਉਹ ਤਿੰਨ ਵੱਡੇ ਜੋਖਮ ਹਨ ਜਿਨ੍ਹਾਂ ਤੋਂ ਨਜਿੱਠਣ ਲਈ ਉਹ ਆਪਣੇ ਸੰਗਠਨ 'ਚ ਜੋਖਮ ਨੂੰ ਘਟਾਉਣ ਦੀ ਰਣਨੀਤੀ ਨੂੰ ਵਿਕਸਤ ਕਰ ਰਹੇ ਹਨ।


Related News