ਸਮਾਰਟ ਹੋ ਜਾਏਗਾ ਰਾਸ਼ਨ ਕਾਰਡ, ਜੂਨ ਤੋਂ ਕਿਤੋਂ ਵੀ ਲੈ ਸਕੋਗੇ ਅਨਾਜ

12/03/2019 1:32:44 PM

ਨਵੀਂ ਦਿੱਲੀ— ਹੁਣ ਜਲਦ ਹੀ ਤੁਹਾਡਾ ਰਾਸ਼ਨ ਕਾਰਡ ਸਮਾਰਟ ਹੋਣ ਜਾ ਰਿਹਾ ਹੈ। ਜੂਨ 2020 ਤੋਂ ਤੁਹਾਡਾ ਨਵਾਂ ਰਾਸ਼ਨ ਕਾਰਡ ਬਣੇਗਾ, ਜਿਸ 'ਤੇ ਤੁਸੀਂ ਦੇਸ਼ 'ਚ ਕਿਸੇ ਵੀ ਜਗ੍ਹਾ ਜਾਣ 'ਤੇ ਸਰਕਾਰੀ ਸਬਸਿਡੀ 'ਤੇ ਰਾਸ਼ਨ ਲੈ ਸਕੋਗੇ। ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਕਿਹਾ ਕਿ ਅਗਾਮੀ 1 ਜੂਨ ਤੋਂ 'ਇਕ ਰਾਸ਼ਟਰ, ਇਕ ਰਾਸ਼ਨ ਕਾਰਡ' ਦੀ ਵਿਵਸਥਾ ਆਰੰਭ ਹੋ ਜਾਵੇਗੀ।

 


ਪਾਸਵਾਨ ਨੇ ਲੋਕ ਸਭਾ 'ਚ ਪ੍ਰਸ਼ਨਕਾਲ ਦੌਰਾਨ ਗਣੇਸ਼ ਸਿੰਘ ਤੇ ਕੁਝ ਹੋਰ ਮੈਂਬਰਾਂ ਦੇ ਪ੍ਰਸ਼ਨਾਂ ਦੇ ਉੱਤਰ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਰਾਸ਼ਨ ਕਾਰਡ ਲਈ 14 ਰਾਜਾਂ 'ਚ ਪੌਸ਼ ਮਸ਼ੀਨ ਦੀ ਸੁਵਿਧਾ ਸ਼ੁਰੂ ਹੋ ਗਈ ਹੈ। ਜਲਦ ਹੀ 20 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਇਹ ਸ਼ੁਰੂ ਹੋ ਜਾਵੇਗੀ। ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਅਗਲੇ ਸਾਲ ਇਕ ਜੂਨ ਤੋਂ 'ਇਕ ਰਾਸ਼ਟਰ, ਇਕ ਰਾਸ਼ਨ ਕਾਰਡ' ਵਿਵਸਥਾ ਸ਼ੁਰੂ ਕਰਨ ਦੀ ਹੈ।

ਨਵੀਂ ਪ੍ਰਣਾਲੀ ਲਾਗੂ ਹੋਣ ਮਗਰੋਂ ਕੋਈ ਗਰੀਬ ਇਕ ਸਥਾਨ ਤੋਂ ਦੂਜੀ ਜਗ੍ਹਾ ਜਾਂਦਾ ਹੈ ਤਾਂ ਉਸ ਨੂੰ ਰਾਸ਼ਨ ਮਿਲਣ 'ਚ ਪ੍ਰੇਸ਼ਾਨੀ ਨਹੀਂ ਹੋਵੇਗੀ, ਨਾਲ ਹੀ ਫਰਜ਼ੀ ਰਾਸ਼ਨ ਕਾਰਡ ਵੀ ਸਮਾਪਤ ਹੋਣਗੇ। 'ਵਨ ਨੇਸ਼ਨ, ਵਨ ਰਾਸ਼ਨ ਕਾਰਡ' ਲਈ ਸਾਰੇ ਰਾਸ਼ਨ ਕਾਰਡਾਂ ਦੇ ਡਾਟਾ ਨੂੰ ਇਕ ਸਰਵਰ ਨਾਲ ਲਿੰਕ ਕੀਤਾ ਜਾਵੇਗਾ। 30 ਜੂਨ 2020 ਤੋਂ ਬਾਅਦ ਲਾਭਪਾਤਰ ਦੇਸ਼ 'ਚ ਕਿਸੇ ਵੀ ਹਿੱਸੇ 'ਚ ਜਨਤਕ ਵੰਡ ਪ੍ਰਣਾਲੀ ਤਹਿਤ ਮਿਲਣ ਵਾਲਾ ਰਾਸ਼ਨ ਪ੍ਰਾਪਤ ਕਰ ਸਕੇਗਾ।