ਸਰਕਾਰ ਦਾ ਗਰੀਬਾਂ ਨੂੰ ਵੱਡਾ ਤੋਹਫਾ, 1 ਜੂਨ ਤੋਂ ਕਿਤੋਂ ਵੀ ਲੈ ਸਕੋਗੇ ਰਾਸ਼ਨ

01/21/2020 3:34:42 PM

ਨਵੀਂ ਦਿੱਲੀ— 1 ਜੂਨ 2020 ਤੋਂ ਤੁਸੀਂ ਦੇਸ਼ 'ਚ ਕਿਸੇ ਵੀ ਜਗ੍ਹਾ 'ਤੇ ਸਰਕਾਰੀ ਸਬਸਿਡੀ 'ਤੇ ਮਿਲਦਾ ਰਾਸ਼ਨ ਲੈ ਸਕੋਗੇ। 'ਇਕ ਰਾਸ਼ਟਰ, ਇਕ ਰਾਸ਼ਨ ਕਾਰਡ' ਯੋਜਨਾ 1 ਜੂਨ ਤੋਂ ਲਾਗੂ ਹੋਣ ਜਾ ਰਹੀ ਹੈ। ਇਸ ਦੀ ਜਾਣਕਾਰੀ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਖਪਤਕਾਰ ਇਕ ਹੀ ਰਾਸ਼ਨ ਕਾਰਡ ਦਾ ਇਸਤੇਮਾਲ ਦੇਸ਼ 'ਚ ਕਿਤੇ ਵੀ ਕਰ ਸਕਣਗੇ।

ਪਿਛਲੇ ਸਾਲ ਦੇ ਸ਼ੁਰੂ 'ਚ 4 ਰਾਜਾਂ 'ਚ 'ਇਕ ਰਾਸ਼ਟਰ, ਇਕ ਰਾਸ਼ਨ ਕਾਰਡ' ਯੋਜਨਾ ਦੇ ਪਾਇਲਟ ਪ੍ਰਾਜੈਕਟ ਨੂੰ ਲਾਗੂ ਕੀਤਾ ਗਿਆ ਸੀ। ਇਸ ਤਹਿਤ ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਗੁਜਰਾਤ, ਮਹਾਰਾਸ਼ਟਰ ਵਿਚਕਾਰ ਕਾਰਡ ਪੋਰਟੇਬਿਲਟੀ ਦੀ ਸੁਵਿਧਾ ਦਿੱਤੀ ਗਈ ਸੀ।


ਭ੍ਰਿਸ਼ਟਾਚਾਰ 'ਤੇ ਲੱਗੇਗੀ ਲਗਾਮ
'ਇਕ ਰਾਸ਼ਟਰ ਇਕ, ਰਾਸ਼ਨ ਕਾਰਡ' ਨਾਲ ਕਿਸੇ ਵੀ ਸੂਬੇ ਦਾ ਰਾਸ਼ਨ ਕਾਰਡ ਧਾਰਕ ਕਿਸੇ ਵੀ ਹੋਰ ਸੂਬੇ ਦੀਆਂ ਰਾਸ਼ਨ ਦੁਕਾਨਾਂ ਤੋਂ ਸਸਤੇ ਮੁੱਲ 'ਤੇ ਚਾਵਲ ਅਤੇ ਕਣਕ ਖਰੀਦ ਸਕਣਗੇ। ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਨਾ ਸਿਰਫ ਭ੍ਰਿਸ਼ਟਾਚਾਰ 'ਤੇ ਲਗਾਮ ਲੱਗੇਗੀ ਸਗੋਂ ਗਰੀਬਾਂ ਨੂੰ ਰੋਜ਼ਗਾਰ ਦੀ ਤਲਾਸ਼ ਜਾਂ ਹੋਰ ਕਾਰਨਾਂ ਕਰਕੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ 'ਤੇ ਸਬਸਿਡੀ ਵਾਲੇ ਰਾਸ਼ਨ ਤੋਂ ਵਾਂਝੇ ਨਹੀਂ ਰਹਿਣਾ ਪਵੇਗਾ। ਇਸ ਤਬਦੀਲੀ ਨਾਲ ਇਕ ਤੋਂ ਵੱਧ ਕਾਰਡ ਰੱਖਣ ਦੀ ਸੰਭਾਵਨਾ ਵੀ ਖਤਮ ਹੋ ਜਾਵੇਗੀ।