ਵਾਹਨ ਕਲਪੁਰਜ਼ਾ ਉਦਯੋਗ ’ਚ 10 ਲੱਖ ਨੌਕਰੀਆਂ ਜਾਣ ਦਾ ਖਦਸ਼ਾ

07/25/2019 4:49:30 PM

ਨਵੀਂ ਦਿੱਲੀ — ਵਾਹਨ ਕਲਪੁਰਜ਼ਾ ਵਿਨਿਰਮਾਤਾਵਾਂ ਦੇ ਅਖਿਲ ਭਾਰਤੀ ਸੰਗਠਨ ਏਕਮਾ ਨੇ ਵਾਹਨ ਖੇਤਰ ਲਈ ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਦੀ ਦਰ ਇਕ ਬਰਾਬਰ 18 ਫੀਸਦੀ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਪੂਰੇ ਵਾਹਨ ਉਦਯੋਗ ’ਚ ਮੰਗ ਨੂੰ ਵਧਾਇਆ ਜਾ ਸਕੇ, ਜਿਸ ਨਾਲ ਕਰੀਬ 10 ਲੱਖ ਨੌਕਰੀਆਂ ਬਚਾਉਣ ’ਚ ਮਦਦ ਮਿਲੇਗੀ। ਅਜੇ ਵਾਹਨ ਵਿਕਰੀ ’ਚ ਲਗਾਤਾਰ ਮੰਦੀ ਰਹਿਣ ਦੀ ਵਜ੍ਹਾ ਨਾਲ ਇਹ ਨੌਕਰੀਆਂ ਦਾਅ ’ਤੇ ਲੱਗੀਆਂ ਹਨ।

ਵਾਹਨ ਕਲਪੁਰਜ਼ਾ ਉਦਯੋਗ ਕਰੀਬ 50 ਲੱਖ ਲੋਕਾਂ ਨੂੰ ਰੋਜ਼ਗਾਰ ਉਪਲੱਬਧ ਕਰਵਾਉਂਦਾ ਹੈ। ਏਕਮਾ ਨੇ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਦੀ ਨੀਤੀ ਨੂੰ ਵੀ ਸਪੱਸ਼ਟ ਕਰਨ ਲਈ ਕਿਹਾ ਹੈ। ਆਟੋਮੋਟਿਵ ਕੰਪੋਨੈਂਟ ਮੈਨੂਫੈਕਚਰਰਸ ਐਸੋਸੀਏਸ਼ਨ ਆਫ ਇੰਡੀਆ (ਏਕਮਾ) ਦੇ ਪ੍ਰਧਾਨ ਰਾਮ ਵੇਂਕਟਰਮਾਨੀ ਨੇ ਕਿਹਾ, ‘‘ਵਾਹਨ ਉਦਯੋਗ ਪ੍ਰਗਤੀਸ਼ੀਲ ਮੰਦੀ ਦਾ ਸਾਹਮਣਾ ਕਰ ਰਿਹਾ ਹੈ। ਹਰ ਸ਼੍ਰੇਣੀ ’ਚ ਵਾਹਨਾਂ ਦੀ ਵਿਕਰੀ ਪਿਛਲੇ ਕਈ ਮਹੀਨਿਆਂ ਤੋਂ ਭਾਰੀ ਦਬਾਅ ਦਾ ਸਾਹਮਣਾ ਕਰ ਰਹੀ ਹੈ।’’

ਉਨ੍ਹਾਂ ਕਿਹਾ ਕਿ ਵਾਹਨ ਕਲਪੁਰਜ਼ਾ ਉਦਯੋਗ ਦਾ ਵਾਧਾ ਪੂਰੀ ਤਰ੍ਹਾਂ ਵਾਹਨ ਉਦਯੋਗ ’ਤੇ ਨਿਰਭਰ ਕਰਦਾ ਹੈ। ਮੌਜੂਦਾ ਹਾਲਤ ’ਚ ਵਾਹਨ ਉਤਪਾਦਨ ’ਚ 15 ਤੋਂ 20 ਫੀਸਦੀ ਦੀ ਕਟੌਤੀ ਹੋਈ ਹੈ, ਜਿਸ ਨਾਲ ਕਲਪੁਰਜ਼ਾ ਉਦਯੋਗ ਦੇ ਸਾਹਮਣੇ ਸੰਕਟ ਖੜ੍ਹਾ ਹੋ ਗਿਆ ਹੈ। ਉਨ੍ਹਾਂ ਕਿਹਾ,‘‘ਜੇਕਰ ਇਹੀ ਰੁਖ ਜਾਰੀ ਰਹਿੰਦਾ ਹੈ ਤਾਂ ਕਰੀਬ 10 ਲੱਖ ਲੋਕ ਬੇਰੋਜ਼ਗਾਰ ਹੋ ਸਕਦੇ ਹਨ।’’ ਵੇਂਕਟਰਮਾਨੀ ਨੇ ਕਿਹਾ ਕਿ ਕੁਝ ਸਥਾਨਾਂ ’ਤੇ ਛਾਂਟੀ ਦਾ ਕੰਮ ਸ਼ੁਰੂ ਵੀ ਹੋ ਚੁੱਕਾ ਹੈ।