ਪੈਟਰੋਲ-ਡੀਜ਼ਲ ਦੀ ਖੇਡ ''ਚ ਸਰਕਾਰਾਂ ਮਾਲੋਮਾਲ, ਤੁਹਾਡੀ ਕੱਟ ਰਹੀ ਜੇਬ!

05/24/2018 8:37:08 AM

ਬਿਜ਼ਨੈੱਸ ਡੈਸਕ— ਦੇਸ਼ ਭਰ 'ਚ ਇਸ ਸਮੇਂ ਮਹਿੰਗੇ ਪੈਟਰੋਲ-ਡੀਜ਼ਲ ਕਾਰਨ ਆਮ ਜਨਤਾ 'ਚ ਹਾਹਾਕਾਰ ਮਚੀ ਹੋਈ ਹੈ। ਉੱਥੇ ਹੀ ਸਰਕਾਰਾਂ ਦੇ ਖਜ਼ਾਨੇ ਇਸ ਨਾਲ ਮਾਲੋਮਾਲ ਹੋ ਰਹੇ ਹਨ। ਇਸ ਦਾ ਕਾਰਨ ਹੈ ਕਿ ਮਹਿੰਗੇ ਹੋ ਰਹੇ ਪੈਟਰੋਲ-ਡੀਜ਼ਲ 'ਤੇ ਲੱਗਣ ਵਾਲੇ ਟੈਕਸਾਂ ਨਾਲ ਸਰਕਾਰਾਂ ਦਾ ਰੈਵੇਨਿਊ ਵਧ ਰਿਹਾ ਹੈ। ਜਿੰਨਾ ਪੈਟਰੋਲ-ਡੀਜ਼ਲ ਮਹਿੰਗਾ ਹੋ ਰਿਹਾ ਹੈ ਓਨੀ ਹੀ ਸਰਕਾਰਾਂ ਦੀ ਕਮਾਈ ਵਧ ਰਹੀ ਹੈ ਪਰ ਆਮ ਜਨਤਾ ਨੂੰ ਰਾਹਤ ਦੇਣ ਦੇ ਨਾਮ 'ਤੇ ਰਾਜਨੀਤੀ ਕਾਫੀ ਚਮਕ ਰਹੀ ਹੈ। ਸੱਤਾ 'ਤੇ ਬੈਠੇ ਰਾਜਨੀਤਕ ਦਲ ਇਕ-ਦੂਜੇ ਦੇ ਪਾਸੇ 'ਚ ਬਾਲ ਸੁੱਟ ਰਹੇ ਹਨ। ਹਕੀਕਤ ਇਹ ਹੈ ਕਿ ਮਹਿੰਗੇ ਪੈਟਰੋਲ-ਡੀਜ਼ਲ ਜ਼ਰੀਏ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਅਤੇ ਰਾਜਸਥਾਨ ਅਜਿਹੇ ਪੰਜ ਚੋਟੀ ਦੇ ਸੂਬੇ ਹਨ ਜੋ ਸਭ ਤੋਂ ਵਧ ਕਮਾਈ ਕਰ ਰਹੇ ਹਨ। ਉੱਥੇ ਹੀ ਪੰਜਾਬ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਹੈ। ਇਸ ਸਮੇਂ ਸਭ ਤੋਂ ਮਹਿੰਗਾ ਪੈਟਰੋਲ ਮਹਾਰਾਸ਼ਟਰ 'ਚ ਹੈ ਅਤੇ ਇੱਥੋਂ ਦੀ ਸਰਕਾਰ ਕਮਾਈ ਵੀ ਸਾਰੇ ਸੂਬਿਆਂ ਤੋਂ ਵਧ ਕਰ ਰਹੀ ਹੈ। ਮਹਾਰਾਸ਼ਟਰ ਦੇ ਮੁੰਬਈ ਸ਼ਹਿਰ 'ਚ ਪੈਟਰੋਲ ਦੀ ਕੀਮਤ ਬੁੱਧਵਾਰ ਨੂੰ 85 ਰੁਪਏ ਦਰਜ ਕੀਤੀ ਗਈ, ਜਦੋਂ ਕਿ ਪੰਜਾਬ 'ਚ ਬੁੱਧਵਾਰ ਨੂੰ ਪੈਟਰੋਲ ਦੀ ਕੀਮਤ 82 ਰੁਪਏ 40 ਪੈਸੇ ਦਰਜ ਕੀਤੀ ਗਈ।

ਇਹ ਹਨ ਟਾਪ 5 ਸੂਬੇ, ਜੋ ਮਹਿੰਗੇ ਪੈਟਰੋਲ ਨਾਲ ਹੋਏ ਮਾਲੋਮਾਲ—


ਮਹਿੰਗੇ ਪੈਟਰੋਲ ਨਾਲ ਮਾਲੋਮਾਲ ਹੋਣ ਵਾਲੇ ਟਾਪ ਪੰਜ ਸੂਬਿਆਂ 'ਚ ਸਭ ਤੋਂ ਪਹਿਲਾਂ ਨਾਮ ਮਹਾਰਾਸ਼ਟਰ ਦਾ ਹੈ। ਮਹਾਰਾਸ਼ਟਰ ਸਰਕਾਰ ਅਪ੍ਰੈਲ ਤੋਂ ਦਸੰਬਰ ਤਕ ਪੈਟਰੋਲ-ਡੀਜ਼ਲ 'ਤੇ ਟੈਕਸਾਂ ਜ਼ਰੀਏ 19,053 ਕਰੋੜ ਰੁਪਏ ਕਮਾ ਚੁੱਕੀ ਹੈ। ਜੇਕਰ ਇਸ ਹਿਸਾਬ ਨਾਲ ਦੇਖੀਏ ਤਾਂ ਇਸ ਸਾਲ ਜਨਵਰੀ-ਮਾਰਚ ਤਕ ਇਸ ਦੀ ਕਮਾਈ ਵਧ ਕੇ 25,000 ਕਰੋੜ ਰੁਪਏ ਦੇ ਪਾਰ ਨਿਕਲ ਜਾਵੇਗੀ। ਸਾਲ 2016-17 ਦੇ ਵਿੱਤੀ ਸਾਲ 'ਚ ਮਹਾਰਾਸ਼ਟਰ ਸਰਕਾਰ ਨੂੰ ਇਸ 'ਚ 23,160 ਕਰੋੜ ਰੁਪਏ ਦੀ ਕਮਾਈ ਹੋਈ ਸੀ। ਸਰਕਾਰ ਨੇ ਹੁਣ ਤਕ ਵਿੱਤੀ ਸਾਲ 2017-18 ਦੇ ਬਾਕੀ ਬਚੇ ਤਿੰਨ ਮਹੀਨਿਆਂ ਦੇ ਅੰਕੜੇ ਜਾਰੀ ਨਹੀਂ ਕੀਤੇ ਹਨ।
ਉੱਥੇ ਹੀ ਦੂਜੇ ਨੰਬਰ 'ਤੇ ਉੱਤਰ ਪ੍ਰਦੇਸ਼ ਹੈ, ਜਿਸ ਦੀ ਕਮਾਈ ਵਿੱਤੀ ਸਾਲ 2017-18 'ਚ ਵਧ ਕੇ 16,000 ਕਰੋੜ ਦੇ ਪਾਰ ਨਿਕਲ ਜਾਵੇਗੀ, ਜੋ ਇਸ ਤੋਂ ਪਿਛਲੇ ਵਿੱਤੀ ਸਾਲ 'ਚ 15,850 ਕਰੋੜ ਰੁਪਏ ਰਹੀ ਸੀ। ਇਸ ਮਾਮਲੇ 'ਚ ਤੀਜੇ ਨੰਬਰ 'ਤੇ ਤਾਮਿਲਨਾਡੂ ਅਤੇ ਚੌਥੇ 'ਤੇ ਕਰਨਾਟਕ ਹੈ, ਜਿਨ੍ਹਾਂ ਦੀ ਕਮਾਈ ਪਿਛਲੇ ਸਾਲ ਨਾਲੋਂ ਕ੍ਰਮਵਾਰ 2,800 ਅਤੇ 640 ਕਰੋੜ ਰੁਪਏ ਵਧਣ ਦੀ ਸੰਭਾਵਨਾ ਹੈ। ਪੰਜਵੇ 'ਤੇ ਰਾਜਸਥਾਨ ਦਾ ਨੰਬਰ ਹੈ, ਜਿਸ ਦੀ ਕਮਾਈ 10,591 ਤੋਂ ਵਧ ਕੇ 11,600 ਦੇ ਪਾਰ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਗੁਜਰਾਤ ਵੀ ਇਸ ਮਾਮਲੇ 'ਚ ਟਾਪ 'ਚ ਸ਼ਾਮਲ ਹੈ ਪਰ ਅਕਤੂਬਰ 'ਚ ਵੈਟ 'ਚ ਕੀਤੀ ਗਈ ਕਟੌਤੀ ਕਾਰਨ ਉਸ ਦਾ ਰੈਵੇਨਿਊ ਪਿਛਲੇ ਸਾਲ ਦੇ ਮੁਕਾਬਲੇ ਘੱਟ ਰਹਿ ਸਕਦਾ ਹੈ।

ਪੈਟਰੋਲ-ਡੀਜ਼ਲ 'ਤੇ ਇਹ ਸੂਬੇ ਲੈ ਰਹੇ ਹਨ ਇੰਨਾ ਟੈਕਸ—


ਪੈਟਰੋਲ 'ਤੇ ਮਹਾਰਾਸ਼ਟਰ ਸਰਕਾਰ ਸਭ ਤੋਂ ਵਧ 38.76 ਫੀਸਦੀ ਵੈਟ ਵਸੂਲਦੀ ਹੈ, ਜਦੋਂ ਕਿ ਮੁੰਬਈ, ਥਾਣੇ ਅਤੇ ਨਵੀਂ ਮੁੰਬਈ 'ਚ ਇਹੀ ਸਰਕਾਰ ਵੱਖਰੇ ਤੌਰ 'ਤੇ 39.78 ਫੀਸਦੀ ਵੈਟ ਵਸੂਲ ਰਹੀ ਹੈ। ਡੀਜ਼ਲ 'ਤੇ ਇੱਥੇ 21.95 ਫੀਸਦੀ ਤੋਂ 24.84 ਫੀਸਦੀ (ਮੁੰਬਈ, ਥਾਣੇ ਅਤੇ ਨਵੀਂ ਮੁੰਬਈ 'ਚ) ਵੈਟ ਹੈ। ਉੱਤਰ ਪ੍ਰਦੇਸ਼ 'ਚ ਪੈਟਰੋਲ 'ਤੇ 28.33 ਫੀਸਦੀ ਅਤੇ ਡੀਜ਼ਲ 'ਤੇ 16.80 ਫੀਸਦੀ ਵੈਟ ਹੈ। ਤਾਮਿਲਨਾਡੂ 'ਚ ਪੈਟਰੋਲ 'ਤੇ 32.08 ਫੀਸਦੀ ਅਤੇ ਡੀਜ਼ਲ 24.02 ਫੀਸਦੀ ਅਤੇ ਕਰਨਾਟਕ 'ਚ ਪੈਟਰੋਲ 'ਤੇ 28.33 ਫੀਸਦੀ ਅਤੇ ਡੀਜ਼ਲ 'ਤੇ 18.26 ਫੀਸਦੀ ਟੈਕਸ ਹੈ। ਉੱਥੇ ਹੀ ਰਾਜਸਥਾਨ 'ਚ ਪੈਟਰੋਲ 'ਤੇ 30.86 ਫੀਸਦੀ ਅਤੇ 24.24 ਫੀਸਦੀ ਵੈਟ ਸਰਕਾਰ ਵਸੂਲ ਰਹੀ ਹੈ।