ਓਲਾ ਨੇ ਲਾਕਡਾਊਨ ''ਚ ਹਸਪਤਾਲ ਪਹੁੰਚਣ ਲਈ ਐਮਰਜੈਂਸੀ ਸੇਵਾ ਸ਼ੁਰੂ ਕੀਤੀ

04/13/2020 7:17:36 PM

ਨਵੀਂ ਦਿੱਲੀ : ਓਲਾ ਨੇ ਲਾਕਡਾਊਨ ਵਿਚ ਮਰੀਜਾਂ ਨੂੰ ਹਸਪਤਾਲ ਲਿਜਾਣ ਲਈ ਨਵੀਂ ਸੇਵਾ ਸ਼ੁਰੂ ਕੀਤੀ ਹੈ, ਜਿਸ ਦਾ ਨਾਂ 'ਓਲਾ ਐਮਰਜੈਂਸੀ' ਹੈ। ਕੰਪਨੀ ਦੇ ਸੀਨੀਅਰ ਡਾਇਰੈਕਟਰ ਆਨੰਦ ਸੁਬਰਾਮਨੀਅਮ ਨੇ ਕਿਹਾ ਕਿ ਸ਼ਹਿਰ ਦੇ ਉਨ੍ਹਾਂ ਸਾਰੇ ਮੈਡੀਕਲ ਸੈਂਟਰਾਂ ਦੀ ਮੈਪਿੰਗ ਕਰ ਰਹੇ ਹਾਂ ਜਿੱਥੇ ਇਹ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਗਾਹਕਾਂ ਨੂੰ ਹਸਪਤਾਲ ਤੋਂ ਘਰ ਅਤੇ ਘਰ ਤੋਂ ਹਸਪਤਾਲ ਲਿਜਾਣ ਦੀ ਸੇਵਾ ਮੁਹੱਈਆ ਕਰਵਾਈ ਜਾਏਗੀ।

ਉਨ੍ਹਾਂ ਦਾ ਕਹਿਣਾ ਹੈ ਕਿ ਓਲਾ ਐਮਰਜੈਂਸੀ ਵਿਚ ਮਾਸਕ ਤੇ ਸੈਨੀਟਾਈਜ਼ਰ ਹਨ, ਇਹ ਵਾਹਨ ਵਿਸ਼ੇਸ਼ ਸਿਖਲਾਈ ਪ੍ਰਾਪਤ ਡਰਾਈਵਰ ਚਲਾਉਣਗੇ। ਲੋਕ ਓਲਾ ਐਮਰਜੈਂਸੀ ਸ਼੍ਰੇਣੀ ਦੀ ਚੋਣ ਕਰਕੇ ਆਪਣੇ ਐਪ ਤੋਂ ਕੈਬਸ ਬੁੱਕ ਕਰ ਸਕਦੇ ਹਨ। ਸੇਵਾ ਪ੍ਰਦਾਨ ਕਰਨ ਲਈ 100 ਤੋਂ ਵੱਧ ਹਸਪਤਾਲ ਇਕੱਲੇ ਗੁਰੂਗ੍ਰਾਮ ਵਿਚ ਹੀ ਐਪ 'ਤੇ ਮੈਪ ਕੀਤਾ ਗਏ ਹਨ। ਓਲਾ ਮੁਤਾਬਕ, ਇਸ ਸਰਵਿਸ ਦਾ ਇਸਤੇਮਾਲ ਗੈਰ-ਕੋਵਿਡ-19 ਮੈਡੀਕਲ ਯਾਤਰਾ ਲਈ ਹੋਵੇਗਾ, ਜਿਸ ਵਿਚ ਐਂਬੂਲੈਂਸ ਦੀ ਜ਼ਰੂਰਤ ਨਹੀਂ ਹੈ, ਜਿਵੇਂ ਡਾਇਲੈਸਿਸ, ਕੀਮੋਥੈਰੇਪੀ, ਨਿਰਧਾਰਤ ਚੈੱਕਅਪ ਤੇ ਸਰੀਰਕ ਸੱਟ ਆਦਿ। ਇਹ ਸਰਵਿਸ ਪਿਛਲੇ ਹਫਤੇ ਬੇਂਗਲੁਰੂ ਵਿਚ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਇਲਾਵਾ ਵਾਰਾਣਸੀ, ਨਾਸਿਕ, ਭੁਵਨੇਸ਼ਵਰ ਸਮੇਤ 10 ਸ਼ਹਿਰਾਂ ਵਿਚ ਪਿਛਲੇ ਐਤਵਾਰ ਤੱਕ ਸੇਵਾ ਸ਼ੁਰੂ ਕੀਤੀ ਗਈ ਸੀ। ਹੁਣ ਗੁਰੂਗ੍ਰਾਮ ਵਿਚ ਸੇਵਾ ਸ਼ੁਰੂ ਹੋ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਸ਼ਹਿਰਾਂ ਵਿਚ ਸ਼ੁਰੂ ਹੋਵੇਗੀ, ਜਿੱਥੇ ਪਹਿਲਾਂ ਤੋਂ ਓਲਾ ਸੇਵਾ ਮਿਲ ਰਹੀ ਹੈ। ਇਸ ਲਈ ਸੂਬਾ ਸਰਕਾਰਾਂ ਨਾਲ ਗੱਲ ਚੱਲ ਰਹੀ ਹੈ।


Sanjeev

Content Editor

Related News