ਤੇਲ ਟੈਂਕਰਾਂ ''ਤੇ ਹਮਲੇ ਤੋਂ ਬਾਅਦ ਅਮਰੀਕਾ-ਈਰਾਨ ''ਚ ਤਣਾਅ ਵਧਣ ਨਾਲ ਮਹਿੰਗਾ ਹੋਇਆ ਕੱਚਾ ਤੇਲ

06/17/2019 10:29:06 PM

ਟੋਕਿਓ- ਓਮਾਨ ਸਾਗਰ 'ਚ ਤੇਲ ਦੇ 2 ਟੈਂਕਰਾਂ 'ਤੇ ਹੋਏ ਹਮਲੇ ਤੋਂ ਬਾਅਦ ਅਮਰੀਕਾ ਅਤੇ ਈਰਾਨ 'ਚ ਵਧੇ ਤਣਾਅ ਕਾਰਣ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਣ ਲੱਗਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪਾਪੀਓ ਨੇ ਕਿਹਾ ਕਿ ਵਾਸ਼ਿੰਗਟਨ ਵਲੋਂ ਤੇਲ ਦੀ ਸੁਰੱਖਿਅਤ ਆਵਾਜਾਈ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ। ਇਸ ਤੋਂ ਬਾਅਦ ਅੱਜ ਕੱਚੇ ਤੇਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਉਛਾਲ ਦੇਖਣ ਨੂੰ ਮਿਲਿਆ। ਪਾਪੀਓ ਦੇ ਇਸ ਬਿਆਨ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 'ਚ 0.4 ਫੀਸਦੀ ਦਾ ਵਾਧਾ ਹੋ ਗਿਆ ਹੈ ਅਤੇ ਫਿਲਹਾਲ ਇਹ 62.27 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਟੈਂਕਰਾਂ 'ਤੇ ਹਮਲੇ ਤੋਂ ਬਾਅਦ ਕੱਚੇ ਤੇਲ ਦੇ ਮੁੱਲ 'ਚ 4.5 ਅਤੇ ਸ਼ੁੱਕਰਵਾਰ ਨੂੰ 1.1 ਫੀਸਦੀ ਦਾ ਵਾਧਾ ਹੋ ਗਿਆ ਸੀ। ਓਮਾਨ ਸਾਗਰ 'ਚ ਤੇਲ ਟੈਂਕਰਾਂ 'ਤੇ ਹੋਏ ਅਟੈਕ ਲਈ ਅਮਰੀਕਾ ਨੇ ਸਿੱਧੇ ਤੌਰ 'ਤੇ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਜਦੋਂਕਿ ਈਰਾਨ ਨੇ ਇਸ ਤੋਂ ਸਾਫ ਮਨ੍ਹਾ ਕੀਤਾ ਸੀ। ਦੱਸ ਦਈਏ ਕਿ ਦੁਨੀਆ ਭਰ 'ਚ ਹੋਣ ਵਾਲੀ ਕੱਚੇ ਤੇਲ ਦੀ ਸਪਲਾਈ ਦਾ 40 ਫੀਸਦੀ ਹਿੱਸਾ ਓਮਾਨ ਸਾਗਰ ਤੋਂ ਹੋ ਕੇ ਲੰਘਦਾ ਹੈ।
ਬੀਤੇ ਇਕ ਮਹੀਨੇ 'ਚ ਇਹ ਦੂਜਾ ਮੌਕਾ ਸੀ, ਜਦੋਂ ਤੇਲ ਦੇ ਟੈਂਕਰਾਂ 'ਤੇ ਹਮਲਾ ਹੋਇਆ। ਪਾਪੀਓ ਨੇ ਇਸ ਅਟੈਕ ਤੋਂ ਬਾਅਦ ਕਿਹਾ ਸੀ, ਅਸੀਂ ਜੰਗ ਨਹੀਂ ਚਾਹੁੰਦੇ। ਅਜਿਹੀ ਸਥਿਤੀ ਨੂੰ ਰੋਕਣ ਲਈ ਜੋ ਵੀ ਕੀਤਾ ਜਾ ਸਕਦਾ ਹੈ, ਅਸੀਂ ਕਰਾਂਗੇ।'' ਇਸ ਤੋਂ ਬਾਅਦ ਐਤਵਾਰ ਨੂੰ ਇਕ ਵਾਰ ਫਿਰ ਉਨ੍ਹਾਂ ਨੇ ਈਰਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਈਰਾਨੀਆਂ ਨੂੰ ਇਹ ਸਪੱਸ਼ਟ ਤੌਰ 'ਤੇ ਸਮਝਣਾ ਹੋਵੇਗਾ ਕਿ ਇਸ ਤਰ੍ਹਾਂ ਦੇ ਸੁਭਾਅ ਖਿਲਾਫ ਜ਼ਰੂਰੀ ਐਕਸ਼ਨ ਲੈਂਦੇ ਰਹਾਂਗੇ।


satpal klair

Content Editor

Related News