OTP ਦਾ ਝੰਜਟ ਖਤਮ, ਆਸਾਨ ਹੋਵੇਗਾ ਲੈਣ-ਦੇਣ!

02/19/2020 10:37:30 PM

ਮੁੰਬਈ (ਇੰਟ.)-ਏ. ਟੀ. ਐੱਮ. ਕਾਰਡ ਅਤੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਸਮੇਂ ਓ. ਟੀ. ਪੀ. ਤੁਹਾਨੂੰ ਝੰਜਟ ਲੱਗਦਾ ਹੈ, ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਰੋਜ਼ਾਨਾ ਪੇਮੈਂਟ ਦੇ ਮਾਮਲੇ ’ਚ ਓ. ਟੀ. ਪੀ. ਯਾਨੀ ਵਨ ਟਾਈਮ ਪਾਸਵਰਡ ਦੇ ਝੰਜਟ ਤੋਂ ਹੁਣ ਮੁਕਤੀ ਮਿਲ ਸਕਦੀ ਹੈ। ਗਲੋਬਲ ਨੈੱਟਵਰਕ ਪ੍ਰੋਵਾਈਡਰ ‘ਵੀਜ਼ਾ’ ਟੂ ਫੈਕਟਰ ਅਥੈਂਟੀਫਿਕੇਸ਼ਨ (2ਐੱਫ. ਏ.) ਹਟਾਉਣ ਦੀ ਤਿਆਰੀ ਕਰ ਰਹੀ ਹੈ। ਯਾਨੀ ਤੁਹਾਡੇ ਲਈ ਆਸਾਨੀ ਹੋਵੇਗੀ ਅਤੇ ਰੋਜ਼ਾਨਾ ਦੇ ਲੈਣ-ਦੇਣ ਸਮੇਂ ਓ. ਟੀ. ਪੀ. ਦਾ ਝੰਜਟ ਵੀ ਖਤਮ ਹੋਵੇਗਾ।

‘ਵੀਜ਼ਾ’ ਓ. ਟੀ. ਪੀ. ਦੀ ਜਗ੍ਹਾ ਰਿਸਕ ’ਤੇ ਆਧਾਰਿਤ ਪ੍ਰੰਪਟ ਪ੍ਰਾਸੈੱਸ ਅਪਣਾਉਣ ’ਤੇ ਵਿਚਾਰ ਕਰ ਰਹੀ ਹੈ। ਯਾਨੀ ਜਿੱਥੇ ਕਿਸੇ ਤਰ੍ਹਾਂ ਦਾ ਸ਼ੱਕ ਨਜ਼ਰ ਆਵੇਗਾ, ਉਥੇ ਓ. ਟੀ. ਪੀ. ਪ੍ਰਾਸੈੱਸ ਦੀ ਵਰਤੋਂ ਕੀਤੀ ਜਾਵੇਗੀ। ਇਸ ਪ੍ਰਾਸੈੱਸ ਲਈ ‘ਵੀਜ਼ਾ’ ਡੋਮੈਸਟਿਕ ਰੈਗੂਲੇਟਰਜ਼ ਅਤੇ ਬੈਂਕਿੰਗ ਪਾਰਟਨਰਸ ਨਾਲ ਚਰਚਾ ਕਰੇਗੀ। ਚਰਚਾ ਤੋਂ ਬਾਅਦ ਇਹ ਤੈਅ ਕੀਤਾ ਜਾਵੇਗਾ ਕਿ 2ਐੱਫ. ਏ. ਨਿਯਮਾਂ ’ਚ ਕਿਸ ਤਰ੍ਹਾਂ ਹੌਲੀ-ਹੌਲੀ ਢਿੱਲ ਦਿੱਤੀ ਜਾ ਸਕਦੀ ਹੈ। ਕੰਪਨੀ ਚਾਹੁੰਦੀ ਹੈ ਕਿ ਇੰਟਰਨੈਸ਼ਨਲ ਨਿਯਮਾਂ ਨੂੰ ਧਿਆਨ ’ਚ ਰੱਖਦੇ ਹੋਏ ਟਰਾਂਜ਼ੈਕਸ਼ਨ ਨਾਲ ਜੁਡ਼ੇ ਬਦਲਾਅ ਕੀਤੇ ਜਾਣ। ਇਹ ਜਾਣਕਾਰੀ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ ਹੈ।

ਗਾਹਕਾਂ ਨੂੰ ਵਧੀਆ ਅਨੁਭਵ ਦੇਣ ਦੀ ਕੋਸ਼ਿਸ਼!

ਕੰਪਨੀ ਨੇ ਏਸ਼ੀਆ-ਪੈਸੇਫਿਕ ਮਾਰਕੀਟਸ ਲਈ ਆਪਣੇ ਸਕਿਓਰਿਟੀ ਰੋਡਮੈਪ ਤਹਿਤ ਇਸ ਬਾਰੇ ਚਰਚਾ ਕੀਤੀ। ਵੀਜ਼ਾ ਦੇ ਏਸ਼ੀਆ-ਪੈਸੇਫਿਕ ਦੇ ਹੈੱਡ ਆਫ ਰਿਸਕ ਜੋ ਕਨਿੰਘਮ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ 2ਐੱਫ. ਏ. ਜ਼ਰੂਰੀ ਹੈ ਪਰ ਸਾਨੂੰ ਲੱਗਦਾ ਹੈ ਕਿ ਇਸ ਦੀ ਵਰਤੋਂ ਜੋਖਮ ਆਧਾਰਿਤ ਹੋਣੀ ਚਾਹੀਦੀ ਹੈ।’’ ਉਨ੍ਹਾਂ ਅੱਗੇ ਕਿਹਾ,‘‘ਸਾਡੀ ਇੰਡਸਟਰੀ ਦੀ ਅਸਲ ਗ੍ਰੋਥ ਈ-ਕਾਮਰਸ ਸਪੇਸ ਨਾਲ ਹੋ ਰਹੀ ਹੈ, ਅਜਿਹੇ ’ਚ ਗਾਹਕਾਂ ਨੂੰ ਵਧੀਅਾ ਅਨੁਭਵ ਦੇਣ ਲਈ ਸਾਨੂੰ ਕੁਝ ਬਦਲਾਅ ਕਰਨ ਦੀ ਲੋੜ ਹੈ।’’

2ਐੱਫ. ਏ. ਕੀ ਹੈ

ਈ-ਕਾਮਰਸ ਪਲੇਟਫਾਰਮਜ਼ ’ਤੇ ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਟਰਾਂਜ਼ੈਕਸ਼ਨ ’ਚ ਸੁਰੱਖਿਆ ਦੀਆਂ 2 ਪਰਤਾਂ ਹੁੰਦੀਆਂ ਹਨ। ਇਸ ਨੂੰ ਟੂ ਫੈਕਟਰ ਅਥੈਂਟੀਫਿਕੇਸ਼ਨ ਕਹਿੰਦੇ ਹਨ। ਪਹਿਲੀ ਲੇਅਰ ’ਚ ਗਾਹਕ ਤੋਂ ਕਾਰਡ ਦੀ ਡਿਟੇਲ ਅਤੇ ਸੀ. ਵੀ. ਵੀ. ਆਦਿ ਲੈ ਕੇ ਟਰਾਂਜ਼ੈਕਸ਼ਨ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਅਤੇ ਦੂਜੀ ਲੇਅਰ ’ਚ ਓ. ਟੀ. ਪੀ. ਦੇਣ ਲਈ ਕਿਹਾ ਜਾਂਦਾ ਹੈ, ਜੋ ਕਸਟਮਰ ਦੇ ਮੋਬਾਇਲ ਨੰਬਰ ’ਤੇ ਭੇਜਿਆ ਜਾਂਦਾ ਹੈ। ਵੀਜ਼ਾ ਕੰਪਨੀ ਦਾ ਮੰਨਣਾ ਹੈ ਕਿ ਸਾਰੇ ਟਰਾਂਜ਼ੈਕਸ਼ਨਜ਼ ’ਚ ਇਸ ਦੀ ਲੋੜ ਨਹੀਂ ਹੈ।

Karan Kumar

This news is Content Editor Karan Kumar