ਹੁਣ ਵਿਦੇਸ਼ੀ ਟੂਰਿਸਟ ਵੀ UPI ਰਾਹੀਂ ਕਰ ਸਕਣਗੇ ਪੇਮੈਂਟ, ਸ਼ਰਤਾਂ ਨਾਲ RBI ਨੇ ਦਿੱਤੀ ਮਨਜ਼ੂਰੀ

02/09/2023 10:59:59 AM

ਮੁੰਬਈ– ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਜੀ-20 ਦੇਸ਼ਾਂ ਤੋਂ ਚੋਣਵੇਂ ਹਵਾਈ ਅੱਡਿਆਂ ’ਤੇ ਆਉਣ ਵਾਲੇ ਮੁਸਾਫਰਾਂ ਨੂੰ ਭੁਗਤਾਨ ਲਈ ਯੂ. ਪੀ. ਆਈ. (ਯੂਨੀਫਾਈਡ ਪੇਮੈਂਟ ਇੰਟਰਫੇਸ) ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ। ਆਰ. ਬੀ. ਆਈ. ਨੇ ਕਿਹਾ ਕਿ ਬਾਅਦ ’ਚ ਯੂ. ਪੀ. ਆਈ. ਰਾਹੀਂ ਭੁਗਤਾਨ ਸਹੂਲਤ ਦਾ ਲਾਭ ਇੱਥੇ ਆਉਣ ਵਾਲੇ ਸਾਰੇ ਦੇਸ਼ਾਂ ਦੇ ਮੁਸਾਫਰਾਂ ਨੂੰ ਮਿਲੇਗਾ।
ਯੂ. ਪੀ. ਆਈ. ਇਕ ਭੁਗਤਾਨ ਮੰਚ ਹੈ, ਜਿਸ ਦੇ ਰਾਹੀਂ ਅਸੀਂ ਮੋਬਾਇਲ ਐਪ ਦੇ ਮਾਧਿਅਮ ਰਾਹੀਂ ਕਿਤੋਂ ਵੀ ਕਦੀ ਵੀ ਆਪਣੇ ਬੈਂਕ ਖਾਤੇ ਤੋਂ ਦੂਜੇ ਬੈਂਕ ਖਾਤੇ ’ਚ ਪੈਸਾ ਭੇਜ ਅਤੇ ਮੰਗਵਾ ਸਕਦੇ ਹਨ। ਕੇਂਦਰੀ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮਾਨਿਟਰੀ ਪਾਲਿਸੀ ਰਿਵਿਊ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਯੂ. ਪੀ. ਆਈ. ਦੇਸ਼ ’ਚ ਪ੍ਰਚੂਨ ਡਿਜੀਟਲ ਭੁਗਤਾਨ ਲਈ ਕਾਫੀ ਲੋਕਪ੍ਰਿਯ ਬਣ ਗਿਆ ਹੈ। ਇਸ ਨੂੰ ਦੇਖਦੇ ਹੋਏ ਹੁਣ ਭਾਰਤ ਆਉਣ ਵਾਲੇ ਸਾਰੇ ਮੁਸਾਫਰਾਂ ਨੂੰ ਦੇਸ਼ ’ਚ ਰਹਿਣ ਦੌਰਾਨ ਕਾਰੋਬਾਰੀਆਂ (ਪੀ2ਐੱਮ) ਨੂੰ ਭੁਗਤਾਨ ਲਈ ਇਸ ਦੀ ਵਰਤੋਂ ਦੀ ਇਜਾਜ਼ਤ ਦੇਣ ਦਾ ਪ੍ਰਸਤਾਵ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਸਹੂਲਤ ਦੀ ਸ਼ੁਰੂਆਤ ਚੋਣਵੇਂ ਕੌਮਾਂਤਰੀ ਹਵਾਈ ਅੱਡਿਆਂ ’ਤੇ ਆਉਣ ਵਾਲੇ ਜੀ20 ਦੇਸ਼ਾਂ ਦੇ ਯਾਤਰੀਆਂ ਤੋਂ ਹੋਵੇਗੀ। ਭਾਰਤ ਨੇ 1 ਦਸੰਬਰ 2022 ਨੂੰ ਜੀ20 ਦੀ ਪ੍ਰਧਾਨਗੀ ਸੰਭਾਲੀ। ਜੀ-20 ਦੁਨੀਆ ਦੇ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦਾ ਮੰਚ ਹੈ। ਇਸ ’ਚ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਬ੍ਰਿਟੇਨ, ਅਮਰੀਕਾ ਅਤੇ ਯੂਰਪੀ ਸੰਘ ਸ਼ਾਮਲ ਹਨ। ਯੂ. ਪੀ. ਆਈ. ਰਾਹੀਂ ਭੁਗਤਾਨ ਜਨਵਰੀ ’ਚ ਮਾਸਿਕ ਆਧਾਰ 1.3 ਫੀਸਦੀ ਵਧ ਕੇ ਕਰੀਬ 13 ਲੱਖ ਕਰੋੜ ਰੁਪਏ ਰਿਹਾ ਹੈ।

ਇਹ ਵੀ ਪੜ੍ਹੋ-ਬੋਇੰਗ ਕਰੇਗੀ 2000 ਕਰਮਚਾਰੀਆਂ ਦੀ ਛੁੱਟੀ, ਭਾਰਤ ’ਚ TCS ਨੂੰ ਹੋਵੇਗਾ ਫ਼ਾਇਦਾ
ਕਿਊ. ਆਰ. ਕੋਡ ਵਾਲੀ ਸਿੱਕਾ ਵੈਂਡਿੰਗ ਮਸ਼ੀਨ ਹੋਵੇਗੀ ਸ਼ੁਰੂ
ਦਾਸ ਨੇ ਇਹ ਵੀ ਕਿਹਾ ਕਿ ਰਿਜ਼ਰਵ ਬੈਂਕ 12 ਸ਼ਹਿਰਾਂ ’ਚ ਕਿਊ. ਆਰ. ਕੋਡ ਆਧਾਰਿਤ ‘ਕੁਆਈਨ ਵੈਂਡਿੰਗ ਮਸ਼ੀਨ’ ਨੂੰ ਲੈ ਕੇ ਪਾਇਲਟ ਯੋਜਨਾ ਸ਼ੁਰੂ ਕਰੇਗਾ। ਇਹ ਵੈਂਡਿੰਗ ਮਸ਼ੀਨਾਂ ਯੂ. ਪੀ. ਆਈ. ਦੀ ਵਰਤੋਂ ਕਰ ਕੇ ਬੈਂਕ ਗਾਹਕਾਂ ਦੇ ਖਾਤੇ ’ਚੋਂ ਪੈਸੇ ਕੱਟ ਕੇ ਸਿੱਕੇ ਮੁਹੱਈਆ ਕਰਵਾਏਗੀ। ਹਾਲੇ ਜੋ ਮਸ਼ੀਨਾਂ ਹਨ, ਉਸ ’ਚ ਬੈਂਕ ਨੋਟ ਪਾ ਕੇ ਸਿੱਕੇ ਨਿਕਲ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪਾਇਲਟ ਯੋਜਨਾ ਤੋਂ ਮਿਲੀ ਸਿੱਖਿਆ ਦੇ ਆਧਾਰ ’ਤੇ ਇਨ੍ਹਾਂ ਮਸ਼ੀਨਾਂ ਰਾਹੀਂ ਸਿੱਕੇ ਦੀ ਵੰਡ ਨੂੰ ਲੈ ਕੇ ਬੈਂਕਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਜਾਏਗਾ। ਇਸ ਕਦਮ ਨਾਲ ਸਿੱਕੇ ਦੀ ਉਪਲਬਧਤਾ ਵਧੇਗੀ।

ਇਹ ਵੀ ਪੜ੍ਹੋ-RBI ਨੇ ਰੈਪੋ ਰੇਟ 'ਚ ਕੀਤਾ 0.25 ਫ਼ੀਸਦੀ ਦਾ ਵਾਧਾ, ਲਗਾਤਾਰ 6ਵੀਂ ਵਾਰ ਵਧੀਆਂ ਵਿਆਜ ਦਰਾਂ
ਅਡਾਨੀ ਮਾਮਲਾ : ਬੈਂਕਾਂ ਦੀ ਸਥਿਤੀ ਮਜ਼ਬੂਤ, ਇਸ ਤਰ੍ਹਾਂ ਦੇ ਮਾਮਲਿਆਂ ਦਾ ਅਸਰ ਨਹੀਂ
ਅਡਾਨੀ ਸਮੂਹ ਮਾਮਲੇ ’ਚ ਆਰ. ਬੀ. ਆਈ. ਦੇ ਗਵਰਨਰ ਨੇ ਕਿਹਾ ਕਿ ਦੇਸ਼ ਦੇ ਬੈਂਕ ਇੰਨੇ ਵੱਡੇ ਅਤੇ ਮਜ਼ਬੂਤ ਹਨ ਕਿ ਉਨ੍ਹਾਂ ’ਤੇ ਅਜਿਹੇ ਮਾਮਲਿਆਂ ਦਾ ਅਸਰ ਨਹੀਂ ਪਵੇਗਾ। ਅਮਰੀਕੀ ਵਿੱਤੀ ਖੋਜ ਅਤੇ ਨਿਵੇਸ਼ ਕੰਪਨੀ ਹਿੰਡਨਬਰਗ ਰਿਸਰਚ ਦੀ ਰਿਪੋਰਟ ਦੇ ਮੱਦੇਨਜ਼ਰ ਅਡਾਨੀ ਸਮੂਹ ਦੀਆਂ ਕੰਪਨੀਆਂ ਬੈਂਕਾਂ ਵਲੋਂ ਦਿੱਤੇ ਗਏ ਕਰਜ਼ੇ ਨੂੰ ਲੈ ਕੇ ਵੱਖ-ਵੱਖ ਤਬਕਿਆਂ ’ਚ ਚਿੰਤਾ ਪ੍ਰਗਟਾਈ ਜਾ ਰਹੀ ਹੈ। ਰਿਪੋਰਟ ਤੋਂ ਬਾਅਦ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਆਈ ਹੈ। ਅਡਾਨੀ ਸਮੂਹ ਨਾਲ ਜੁੜੇ ਇਕ ਸਵਾਲ ਦੇ ਜਵਾਬ ’ਚ ਦਾਸ ਨੇ ਕਿਹਾ ਕਿ ਆਰ. ਬੀ. ਆਈ. ਦੇ ਖ਼ੁਦ ਨਾਲ ਆਪਣਾ ਮੁਲਾਂਕਣ ਕੀਤਾ ਅਤੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕੀਤਾ। ਉਨ੍ਹਾਂ ਨੇ ਅਡਾਨੀ ਸਮੂਹ ਦਾ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਅੱਜ ਦੇ ਸਮੇਂ ’ਚ ਭਾਰਤੀ ਬੈਂਕਾਂ ਦਾ ਆਕਾਰ, ਉਨ੍ਹਾਂ ਦੀ ਸਮਰੱਥਾ ਕਾਫੀ ਮਜ਼ਬੂਤ ਹੈ। ਉਨ੍ਹਾਂ ਦੀ ਸਮਰੱਥਾ ਅਜਿਹੀ ਹੈ ਕਿ ਉਹ ਇਸ ਤਰ੍ਹਾਂ ਦੇ ਮਾਮਲਿਆਂ ਤੋਂ ਪ੍ਰਭਾਵਿਤ ਹੋਣ ਵਾਲੇ ਨਹੀਂ ਹਨ।

ਇਹ ਵੀ ਪੜ੍ਹੋ-ਜਨਵਰੀ 'ਚ ਖੁੱਲ੍ਹੇ 22 ਲੱਖ ਨਵੇਂ ਡੀਮੈਟ ਖਾਤੇ
ਦੂਜੀ ਛਿਮਾਹੀ ’ਚ ਹੇਠਾਂ ਆਵੇਗਾ ਚਾਲੂ ਖਾਤੇ ਦਾ ਘਾਟਾ
ਦਾਸ ਨੇ ਕਿਹਾ ਕਿ ਇੰਪੋਰਟ ਘਟਣ ਨਾਲ ਦੂਜੀ ਛਿਮਾਹੀ ’ਚ ਚਾਲੂ ਖਾਤੇ ਦਾ ਘਾਟਾ (ਕੈਡ) ਹੇਠਾਂ ਆਵੇਗਾ। ਚਾਲੂ ਖਾਤੇ ਦਾ ਘਾਟਾ ਪਹਿਲੀ ਛਿਮਾਹੀ ’ਚ ਜੀ. ਡੀ. ਪੀ. ਦਾ 3.3 ਫੀਸਦੀ ਰਿਹਾ ਹੈ, ਜੋ ਇਸ ਤੋਂ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ 0.2 ਫੀਸਦੀ ਤੋਂ ਕਾਫੀ ਵੱਧ ਹੈ। ਦਾਸ ਨੇ ਕਿਹਾ ਕਿ 2022-23 ਦੀ ਤੀਜੀ ਤਿਮਾਹੀ ’ਚ ਸਥਿਤੀ ’ਚ ਸੁਧਾਰ ਹੋਇਆ ਹੈ। ਜਿਣਸਾਂ ਦੇ ਰੇਟ ਘਟਣ ਨਾਲ ਇੰਪੋਰਟ ਹੇਠਾਂ ਆਇਆ ਹੈ। ਇਸ ਨਾਲ ਵਸਤਾਂ ਦਾ ਵਪਾਰ ਘਾਟਾ ਘੱਟ ਹੋਇਆ ਹੈ। ਦਾਸ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਸੇਵਾਵਾਂ ਦਾ ਐਕਸਪੋਰਟ 24.9 ਫੀਸਦੀ ਵਧਿਆ ਹੈ। ਸਾਫਟਵੇਅਰ, ਕਾਰੋਬਾਰੀ ਅਤੇ ਯਾਤਰਾ ਸੇਵਾਵਾਂ ’ਚ ਵਾਧੇ ਨਾਲ ਕੁੱਲ ਸੇਵਾ ਐਕਸਪੋਰਟ ਵਧਿਆ ਹੈ।
ਆਰ. ਬੀ. ਆਈ. ਨੇ ਬਿੱਲਾਂ ਦੇ ਸਬੰਧ ’ਚ ਭੁਗਤਾਨ ਲਈ ਬੀਮਾ ਸਹੂਲਤ ਦਾ ਲਾਭ ਦੇ ਕੇ ਟ੍ਰੇਡਸ (ਟ੍ਰੇਡ ਰਿਸੀਵੇਬਲਸ ਐਕਸਚੇਂਜ ਡਿਸਕਾਊਂਟਿੰਗ ਸਕੀਮ) ਦਾ ਘੇਰਾ ਵਧਾਉਣ ਦਾ ਪ੍ਰਸਤਾਵ ਕੀਤਾ। ਬੀਮਾ ਸਹੂਲਤ ਨਾਲ ਬਿੱਲਾਂ ਦੇ ਸਬੰਧ ’ਚ ਫੰਡਿੰਗ ਨੂੰ ਬੜ੍ਹਾਵਾ ਮਿਲੇਗਾ। ਨਾਲ ਹੀ ਟ੍ਰੇਡਸ ’ਚ ਫੰਡਿੰਗ ਵਜੋਂ ਹਿੱਸਾ ਲੈਣ ਲਈ ਸਬੰਧਤ ਸਾਰੀਆਂ ਇਕਾਈਆਂ/ਸੰਸਥਾਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ-RBI ਨੇ ਰੈਪੋ ਰੇਟ 'ਚ ਕੀਤਾ 0.25 ਫ਼ੀਸਦੀ ਦਾ ਵਾਧਾ, ਲਗਾਤਾਰ 6ਵੀਂ ਵਾਰ ਵਧੀਆਂ ਵਿਆਜ ਦਰਾਂ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon