ਪਹਿਲੀ ਕਿਸ਼ਤ 'ਚ ਸਾਰੇ ਬੈਂਕਾਂ ਨੂੰ ਨਹੀਂ ਮਿਲੇਗਾ ਪੈਸਾ

12/17/2017 3:25:41 PM

ਨਵੀਂ ਦਿੱਲੀ— ਚਾਲੂ ਮਾਲੀ ਵਰ੍ਹੇ 'ਚ ਸਾਰੇ ਸਰਕਾਰੀ ਬੈਂਕਾਂ ਨੂੰ ਸਰਕਾਰ ਵੱਲੋਂ ਪੈਸੇ ਨਹੀਂ ਮਿਲ ਸਕੇਗਾ। ਸੂਤਰਾਂ ਨੇ ਕਿਹਾ ਕਿ ਪਹਿਲੀ ਕਿਸ਼ਤ 'ਚ ਉਨ੍ਹਾਂ ਬੈਂਕਾਂ ਨੂੰ ਹੀ ਪੈਸਾ ਮਿਲੇਗਾ ਜਿਨ੍ਹਾਂ ਦਾ ਪ੍ਰਦਰਸ਼ਨ ਬਿਹਤਰ ਰਿਹਾ ਅਤੇ ਜਿਨ੍ਹਾਂ ਨੂੰ ਪੂੰਜੀ ਦੀ ਸਭ ਤੋਂ ਵਧ ਜ਼ਰੂਰਤ ਹੈ। ਇਕ ਉੱਚ ਅਧਿਕਾਰੀ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਬੈਂਕਾਂ ਨੂੰ ਪਹਿਲੀ ਕਿਸ਼ਤ 'ਚ ਹੀ ਪੁਨਰ ਪੂੰਜੀਕਰਨ ਬਾਂਡ ਜਾਰੀ ਕਰ ਦਿੱਤਾ ਜਾਵੇ। ਬੈਂਕਾਂ ਨੂੰ ਪੈਸਾ ਵੱਖ-ਵੱਖ ਮਿਆਰਾਂ 'ਤੇ ਖਰ੍ਹੇ ਉਤਰਨ 'ਤੇ ਮਿਲੇਗਾ। ਮਿਸਾਲ ਦੇ ਤੌਰ 'ਤੇ ਸੁਧਾਰ ਆਦਿ ਦੇ ਆਧਾਰ 'ਤੇ ਉਨ੍ਹਾਂ 'ਚ ਪੈਸਾ ਪਾਇਆ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਬੈਂਕ ਦਾ ਪੁਨਰ ਪੂੰਜੀਕਰਨ ਉਨ੍ਹਾਂ ਦੇ ਪ੍ਰਦਰਸ਼ਨ, ਉਨ੍ਹਾਂ ਵੱਲੋਂ ਕੀਤੇ ਗਏ ਸੁਧਾਰਾਂ ਅਤੇ ਭਵਿੱਖ ਦੀ ਰੂਪ-ਰੇਖਾ ਦੇ ਆਧਾਰ 'ਤੇ ਕੀਤਾ ਜਾਵੇਗਾ। ਚਾਲੂ ਮਾਲੀ ਵਰ੍ਹੇ 'ਚ ਬੈਂਕਾਂ 'ਚ ਕਿੰਨਾ ਪੈਸਾ ਪਾਇਆ ਜਾਵੇਗਾ ਇਸ ਦਾ ਪਤਾ ਸੰਸਦ ਦੀ ਮਨਜ਼ੂਰੀ ਦੇ ਬਾਅਦ ਹੀ ਚੱਲੇਗਾ।
ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਅਜੇ ਤਕ ਪੁਨਰ ਪੂੰਜੀਕਰਨ ਬਾਂਡਾਂ ਲਈ ਐੱਸ. ਐੱਲ. ਆਰ. ਤੈਅ ਨਹੀਂ ਕੀਤਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਅਕਤੂਬਰ 'ਚ ਜਨਤਕ ਖੇਤਰ ਦੇ ਬੈਂਕਾਂ ਨੂੰ ਮਜ਼ਬੂਤ ਕਰਨ ਲਈ ਦੋ ਸਾਲਾਂ 'ਚ 2.1 ਲੱਖ ਕਰੋੜ ਰੁਪਏ ਦੀ ਪੂੰਜੀ ਪਾਉਣ ਦਾ ਐਲਾਨ ਕੀਤਾ ਸੀ। ਜੂਨ 2017 'ਚ ਜਨਤਕ ਖੇਤਰ ਦੇ ਬੈਂਕਾਂ ਦੀ ਫਸਿਆ ਕਰਜ਼ਾ (ਐੱਨ. ਪੀ. ਏ.) ਵਧ ਕੇ 7.33 ਲੱਖ ਕਰੋੜ ਰੁਪਏ ਹੋ ਗਿਆ ਹੈ, ਜੋ ਮਾਰਚ 2015 'ਚ 2.75 ਲੱਖ ਕਰੋੜ ਰੁਪਏ ਸੀ। ਮੌਜੂਦਾ ਨੀਤੀ ਤਹਿਤ ਸਰਕਾਰੀ ਬੈਂਕਾਂ 'ਚ ਸਰਕਾਰ ਦੀ ਹਿੱਸੇਦਾਰੀ ਘਟਾ ਕੇ 52 ਫੀਸਦੀ ਤਕ ਲਿਆਂਦੀ ਜਾ ਸਕਦੀ ਹੈ। ਜੇਤਲੀ ਨੇ ਇਹ ਵੀ ਐਲਾਨ ਕੀਤਾ ਸੀ ਕਿ ਬੈਂਕਾਂ ਨੂੰ ਇੰਦਰਧਨੁਸ਼ ਯੋਜਨਾ ਤਹਿਤ ਅਗਲੇ ਦੋ ਸਾਲਾਂ 'ਚ 18,000 ਕਰੋੜ ਰੁਪਏ ਮਿਲਣਗੇ।