ਨਹੀਂ ਦਿੱਤਾ ਫਸਲ ਬੀਮਾ ਦਾ ਮੁਨਾਫ਼ਾ, ਹੁਣ ਐੱਚ. ਡੀ. ਐੱਫ. ਸੀ. ਬੈਂਕ ਦੇਵੇਗਾ 4,07,294 ਰੁਪਏ

06/26/2018 4:36:51 AM

ਸਾਗਰ-ਕਿਸਾਨ ਵੱਲੋਂ ਬੈਂਕ ਤੋਂ ਆਪਣੀ ਫਸਲ ਦਾ ਬੀਮਾ ਕਰਵਾਉਣ ਦੇ ਬਾਵਜੂਦ ਉਸਦਾ ਲਾਭ ਨਾ ਦੇਣ 'ਤੇ ਖਪਤਕਾਰ ਫੋਰਮ ਨੇ ਐੱਚ. ਡੀ. ਐੱਫ. ਸੀ. ਬੈਂਕ ਨੂੰ ਵਿਆਜ ਸਮੇਤ 4,07,294 ਰੁਪਏ ਦੇਣ ਦਾ ਹੁਕਮ ਦਿੱਤਾ ਹੈ। 
ਕੀ ਹੈ ਮਾਮਲਾ
ਗਰਾਮ ਢੁਰੂਆ ਨਿਵਾਸੀ ਰਾਜਾ ਭਈਆ ਅਤੇ ਉਸ ਦੀ ਪਤਨੀ ਸਾਧਨਾ ਦਾ ਕਿਸਾਨ ਕ੍ਰੈਡਿਟ ਕਾਰਡ ਐੱਚ. ਡੀ. ਐੱਫ. ਸੀ. ਬੈਂਕ ਬੀਨਾ 'ਚ ਸੀ। ਸਾਲ 2015 'ਚ ਸਾਉਣੀ ਫਸਲ ਸੋਇਆਬੀਨ ਲਈ ਰਾਜਾ ਭਈਆ ਅਤੇ ਉਸ ਦੀ ਪਤਨੀ ਨੇ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਰਾਸ਼ੀ ਕੱਢੀ ਸੀ ਪਰ ਬੈਂਕ ਨੇ ਨਿਯਮਾਂ ਮੁਤਾਬਕ ਕਿਸਾਨ ਨੂੰ ਫਸਲ ਦਾ ਬੀਮਾ ਨਹੀਂ ਦਿੱਤਾ। ਸਾਲ 2015 'ਚ ਗਰਾਮ ਢੁਰੂਆ ਦੀ ਖੜ੍ਹੀ ਫਸਲ ਨਸ਼ਟ ਹੋ ਗਈ। ਸਾਲ 2016 'ਚ ਗਰਾਮ ਸਭਾ 'ਚ ਹੋਰ ਕਿਸਾਨਾਂ ਨੂੰ ਫਸਲੀ ਬੀਮੇ ਦਾ ਲਾਭ ਦਿੱਤਾ ਗਿਆ। ਜਦੋਂ ਕਿਸਾਨ ਰਾਜਾ ਅਤੇ ਉਸ ਦੀ ਪਤਨੀ ਨੇ ਬੈਂਕ ਤੋਂ ਆਪਣੇ ਫਸਲੀ ਬੀਮੇ ਦੀ ਰਾਸ਼ੀ ਮੰਗੀ ਤਾਂ ਬੈਂਕ ਨੇ ਕਿਹਾ ਕਿ ਬੀਮਾ ਨਹੀਂ ਹੋ ਸਕਿਆ ਸੀ, ਜਿਸ ਕਾਰਨ ਉਸ ਦੀ ਨੁਕਸਾਨ ਪੂਰਤੀ ਨਹੀਂ ਆਈ ਹੈ। ਪ੍ਰੇਸ਼ਾਨ ਹੋ ਕੇ ਰਾਜਾ ਭਈਆ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ। 
ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਖਪਤਕਾਰ ਫੋਰਮ ਦੇ ਪ੍ਰਧਾਨ ਟੀ. ਆਰ. ਉਇਕੇ ਅਤੇ ਮੈਂਬਰ ਅਨੁਭਾ ਵਰਮਾ ਨੇ ਫੈਸਲਾ ਸ਼ਿਕਾਇਤਕਰਤਾ ਦੇ ਪੱਖ 'ਚ ਸੁਣਾਇਆ। 
ਫੋਰਮ ਨੇ ਐੱਚ. ਡੀ. ਐੱਫ. ਸੀ. ਬੈਂਕ ਨੂੰ ਫਸਲੀ ਬੀਮੇ ਦੀ ਰਾਸ਼ੀ, ਸ਼ਿਕਾਇਤਕਰਤਾ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਅਤੇ ਅਦਾਲਤੀ ਖ਼ਰਚੇ ਦੇ ਕੁਲ ਮਿਲਾ ਕੇ 4 ਲੱਖ 7 ਹਜ਼ਾਰ 294 ਰੁਪਏ 7 ਫ਼ੀਸਦੀ ਵਿਆਜ ਸਮੇਤ ਇਕ ਮਹੀਨੇ ਦੇ ਅੰਦਰ ਦੇਣ ਦੇ ਹੁਕਮ ਦਿੱਤੇ ਹਨ।