ਸਿਰਫ 7,200 ਰੁਪਏ ''ਚ ਘੁੰਮੋ ਬੈਂਕਾਕ, ਇਹ ਫਲਾਈਟ ਹੋ ਰਹੀ ਹੈ ਸ਼ੁਰੂ

12/11/2018 3:53:52 PM

ਨਵੀਂ ਦਿੱਲੀ— ਹੁਣ ਬੈਂਕਾਕ ਦਾ ਸਫਰ ਤੁਹਾਡੇ ਲਈ ਹੋਰ ਵੀ ਸਸਤਾ ਹੋਵੇਗਾ। ਥਾਈਲੈਂਡ ਦੀ ਇਕ ਹੋਰ ਕੰਪਨੀ 'ਨੋਕਸਕੂਟ' ਦਿੱਲੀ ਤੋਂ ਬੈਂਕਾਕ ਵਿਚਕਾਰ ਸਿੱਧੀ ਫਲਾਈਟ ਸ਼ੁਰੂ ਕਰਨ ਜਾ ਰਹੀ ਹੈ। ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਨੋਕਸਕੂਟ 19 ਦਸੰਬਰ ਨੂੰ ਭਾਰਤੀ ਬਾਜ਼ਾਰ 'ਚ ਕਦਮ ਰੱਖੇਗੀ। ਇਹ ਕੰਪਨੀ ਸਿੰਗਾਪੁਰ ਦੀ ਸਕੂਟ ਅਤੇ ਥਾਈਲੈਂਡ ਦੀ ਨੋਕ ਏਅਰ ਵੱਲੋਂ ਮਿਲ ਕੇ ਬਣਾਈ ਗਈ ਸਾਂਝੀ ਕੰਪਨੀ ਹੈ।

ਬੈਂਕਾਕ-ਦਿੱਲੀ ਵਿਚਕਾਰ ਹਵਾਈ ਯਾਤਰਾ ਕਰਵਾਉਣ ਲਈ ਕੰਪਨੀ ਬੋਇੰਗ-777 ਜਹਾਜ਼ ਦਾ ਇਸਤੇਮਾਲ ਕਰੇਗੀ। ਇਸ ਜਹਾਜ਼ 'ਚ 415 ਸੀਟਾਂ ਹਨ, ਜਿਸ 'ਚ 24 ਸੀਟਾਂ ਬਿਜ਼ਨੈੱਸ ਕਲਾਸ ਤੇ 391 ਸੀਟਾਂ ਇਕਨਾਮੀ ਕਲਾਸ ਦੀਆਂ ਹਨ। ਦਿੱਲੀ ਤੋਂ ਬੈਂਕਾਕ ਵਿਚਕਾਰ ਸ਼ੁਰੂ ਹੋਣ ਵਾਲੀ ਫਲਾਈਟ ਲਈ ਕੰਪਨੀ ਨੇ ਖਾਸ ਪ੍ਰੋਮੋਸ਼ਨਲ ਕਿਰਾਇਆ ਵੀ ਪੇਸ਼ ਕੀਤਾ ਹੈ। 
ਇਸ ਸਕੀਮ ਤਹਿਤ ਇਕਨਾਮੀ ਕਲਾਸ ਦੀ ਟਿਕਟ 31 ਦਸੰਬਰ ਤਕ 7,200 ਰੁਪਏ 'ਚ ਬੁੱਕ ਕਰਾਈ ਜਾ ਸਕਦੀ ਹੈ, ਜੋ ਕਿ ਇਕ ਪਾਸੇ ਦੀ ਯਾਤਰਾ ਲਈ ਹੋਵੇਗੀ। 31 ਦਸੰਬਰ ਤਕ ਪ੍ਰੋਮੋਸ਼ਨਲ ਸਕੀਮ ਤਹਿਤ ਬੁੱਕ ਹੋਣ ਵਾਲੀ ਟਿਕਟ 'ਤੇ 30 ਮਾਰਚ 2019 ਤਕ ਯਾਤਰਾ ਕੀਤਾ ਜਾ ਸਕਦੀ ਹੈ। ਨੋਕਸਕੂਟ ਭਾਰਤ 'ਚ ਉਡਾਣ ਭਰਨ ਵਾਲੀ ਥਾਈਲੈਂਡ ਦੀ ਪੰਜਵੀ ਹਵਾਈ ਕੰਪਨੀ ਹੋਵੇਗੀ। ਇਸ ਤੋਂ ਪਹਿਲਾਂ ਥਾਈਲੈਂਡ ਦੀ ਲਾਇਨ ਏਅਰ, ਥਾਈ ਏਅਰਵੇਜ਼, ਥਾਈ ਸਮਾਈਲ ਏਅਰਵੇਜ਼ ਅਤੇ ਥਾਈ ਏਅਰ ਏਸ਼ੀਆ ਭਾਰਤ ਤੋਂ ਫਲਾਈਟ ਚਲਾ ਰਹੀਆਂ ਹਨ। ਨੋਕਸਕੂਟ ਦੇ ਡਿਪਟੀ ਚੀਫ ਕਾਰਜਕਾਰੀ ਅਧਿਕਾਰੀ ਨੇ ਕਿਹਾ, ''ਦਿੱਲੀ-ਬੈਂਕਾਕ ਵਿਚਕਾਰ 19 ਦਸੰਬਰ ਤੋਂ ਸਿੱਧੀ ਫਲਾਈਟ ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਹ ਸਾਡੀ ਦੱਖਣੀ ਏਸ਼ੀਆ 'ਚ ਪਹਿਲੀ ਸਰਵਿਸ ਹੈ।''