ਜੈੱਟ ਏਅਰਵੇਜ਼ ਨੂੰ ਖਰੀਦਣ ’ਚ ਹੁਣ ਕੋਈ ਦਿਲਚਸਪੀ ਨਹੀਂ : ਅਨਿਲ ਅਗਰਵਾਲ

08/13/2019 1:03:22 AM

ਮੁੰਬਈ— ਮਾਈਨਿੰਗ ਖੇਤਰ ਦੀ ਪ੍ਰਮੁੱਖ ਕੰਪਨੀ ਵੇਦਾਂਤਾ ਰਿਸੋਰਸਿਜ਼ ਦੇ ਮੁਖੀ ਅਨਿਲ ਅਗਰਵਾਲ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਬੰਦ ਪਈ ਏਅਰਲਾਈਨ ਜੈੱਟ ਏਅਰਵੇਜ਼ ਨੂੰ ਖਰੀਦਣ ’ਚ ਹੁਣ ਕੋਈ ਦਿਲਚਸਪੀ ਨਹੀਂ ਹੈ। ਕਰਜ਼ੇ ’ਚ ਡੁੱਬੀ ਜੈੱਟ ਏਅਰਵੇਜ਼ ਦਾ ਮਾਮਲਾ ਦੀਵਾਲਾ ਕੋਡ ਤਹਿਤ ਐੱਨ. ਸੀ. ਐੱਲ. ਟੀ. (ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ) ਸਾਹਮਣੇ ਵਿਚਾਰ ਅਧੀਨ ਹੈ ਅਤੇ ਅਗਰਵਾਲ ਦੀ ਨਿਵੇਸ਼ ਕੰਪਨੀ ਵੋਲਕਨ ਇਨਵੈਸਟਮੈਂਟ ਨੇ ਜੈੱਟ ਏਅਰਵੇਜ਼ ਨੂੰ ਖਰੀਦਣ ਲਈ ਐਤਵਾਰ ਨੂੰ ਰੁਚੀ ਪੱਤਰ (ਈ. ਓ. ਆਈ.) ਜਮ੍ਹਾ ਕੀਤਾ ਸੀ। 11 ਅਗਸਤ ਇਸ ਬੰਦ ਪਈ ਏਅਰਲਾਈਨ ਲਈ ਬੋਲੀ ਲਾਉਣ ਦਾ ਆਖਰੀ ਦਿਨ ਸੀ।

ਹਾਲਾਂਕਿ ਅਗਰਵਾਲ ਨੇ ਸੋਮਵਾਰ ਨੂੰ ਬਿਆਨ ’ਚ ਕਿਹਾ, ‘‘ਜੈੱਟ ਏਅਰਵੇਜ਼ ਲਈ ਵੋਲਕਨ ਨੇ ਜੋ ਰੁਚੀ ਪੱਤਰ ਜਮ੍ਹਾ ਕੀਤਾ ਸੀ ਉਹ ਸ਼ੁਰੂਆਤੀ ਜਾਂਚ ਦੇ ਆਧਾਰ ’ਤੇ ਸੀ। ਅੱਗੇ ਦੀ ਜਾਂਚ-ਪੜਤਾਲ ਅਤੇ ਹੋਰ ਪਹਿਲੂਆਂ ’ਤੇ ਵਿਚਾਰ ਕਰਨ ਤੋਂ ਬਾਅਦ ਅਸੀਂ ਇਸ ਦਿਸ਼ਾ ’ਚ ਕਦਮ ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਵੋਲਕਨ ਨੇ ਜੈੱਟ ਏਅਰਵੇਜ਼ ਲਈ ਈ. ਓ. ਆਈ. ਇਸ ਲਈ ਜਮ੍ਹਾ ਕੀਤਾ ਸੀ ਕਿਉਂਕਿ ਉਹ ਕੰਪਨੀ ਅਤੇ ਉਦਯੋਗ ਲਈ ਕਾਰੋਬਾਰੀ ਭਵਿੱਖ ਨੂੰ ਸਮਝਣਾ ਚਾਹੁੰਦੀ ਸੀ। ਇਸ ਕਦਮ ਤੋਂ ਬਾਅਦ ਹੁਣ ਏਅਰਲਾਈਨ ਦੀਆਂ ਜਾਇਦਾਦਾਂ ਨੂੰ ਖਰੀਦਣ ਦੀ ਦੌੜ ’ਚ ਸਿਰਫ 2 ਕੰਪਨੀਆਂ ਰਹਿ ਗਈਆਂ ਹਨ। ਵਿੱਤੀ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਨੇ ਅਪ੍ਰੈਲ ’ਚ ਸੰਚਾਲਨ ਬੰਦ ਕਰ ਦਿੱਤਾ ਸੀ।

Inder Prajapati

This news is Content Editor Inder Prajapati