ਇਲੈਕਟ੍ਰਿਕ ਵ੍ਹੀਕਲਸ ਨੂੰ ਲੈ ਕੇ ਗਡਕਰੀ ਨੇ ਕਹੀ ਇਹ ਵੱਡੀ ਗੱਲ

08/22/2019 3:43:54 PM

ਨਵੀਂ ਦਿੱਲੀ— ਪੈਟਰੋਲ-ਡੀਜ਼ਲ ਕਾਰਾਂ ਨੂੰ ਬੰਦ ਕਰਨ ਤੇ ਇਲੈਕਟ੍ਰਿਕ ਵ੍ਹੀਕਲਸ ਨੂੰ ਸੜਕਾਂ 'ਤੇ ਉਤਾਰਨ ਦਾ ਫਿਲਹਾਲ ਕੋਈ ਸਮਾਂ ਨਿਰਧਾਰਤ ਨਹੀਂ ਹੈ। ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਇਹ ਗੱਲ ਕਹੀ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਇਲੈਕਟ੍ਰਿਕ ਕਾਰਾਂ ਨੂੰ ਸੜਕਾਂ 'ਤੇ ਉਤਾਰਨ ਜਾਂ ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੇ ਵ੍ਹੀਕਲਸ 'ਤੇ ਪਾਬੰਦੀ ਲਾਉਣ ਲਈ ਕੋਈ ਸਮਾਂ ਨਹੀਂ ਨਿਰਧਾਰਤ ਕੀਤਾ ਹੈ ਤੇ ਨਾ ਹੀ ਨੀਤੀ ਆਯੋਗ ਦੇ ਪ੍ਰਸਤਾਵ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵ੍ਹੀਕਲਸ ਇੰਡਸਟਰੀ ਇਸ ਵਕਤ ਵਿਕਰੀ 'ਚ ਮਾਰ ਦਾ ਸਾਹਮਣਾ ਕਰ ਰਹੀ ਹੈ। ਸਰਕਾਰ ਦੀ ਇਸ ਸਪੱਸ਼ਟਤਾ ਨਾਲ ਵਾਹਨ ਇੰਡਸਟਰੀ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਜਲਦ ਹੀ ਬਾਜ਼ਾਰ 'ਚ ਹੋਰ ਨਵੇਂ ਮਾਡਲ ਲਾਂਚ ਹੋ ਸਕਦੇ ਹਨ।

ਗਡਕਰੀ ਨੇ ਕਿਹਾ ਕਿ ਇਲੈਕਟ੍ਰਿਕ ਵ੍ਹੀਕਲਸ ਲਈ ਕੋਈ ਸਮਾਂ ਨਿਰਧਾਰਤ ਨਹੀਂ ਹੈ। ਬਹੁਤ ਸਾਰੇ ਸੂਬੇ ਇਲੈਕਟ੍ਰਿਕ ਬੱਸਾਂ ਖਰੀਦ ਰਹੇ ਹਨ ਤੇ ਇਹ ਬਦਲਾਵ ਸਮੇਂ ਦੇ ਨਾਲ ਹੋਵੇਗਾ।
ਉਨ੍ਹਾਂ ਕਿਹਾ ਕਿ ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰਾਲਾ ਡੀਜ਼ਲ ਵ੍ਹੀਕਲਸ 'ਤੇ ਰੋਕ ਲਾਉਣ ਲਈ ਨੀਤੀ ਆਯੋਗ ਵੱਲੋਂ ਪ੍ਰਸਤਾਵਿਤ ਸਮੇਂ ਨੂੰ ਲਾਗੂ ਕਰਨ 'ਤੇ ਵਿਚਾਰ ਨਹੀਂ ਕਰ ਰਿਹਾ। ਹਾਲਾਂਕਿ ਮੰਤਰਾਲਾ ਇਲੈਕਟ੍ਰਿਕ ਵ੍ਹੀਕਲਸ ਨੂੰ ਉਤਸ਼ਾਹਤ ਕਰਨਾ ਜਾਰੀ ਰੱਖੇਗਾ। ਨੀਤੀ ਕਮਿਸ਼ਨ ਨੇ 2023 ਤਕ ਥ੍ਰੀ-ਵ੍ਹੀਲਰ ਤੇ 2025 ਤਕ 150 ਸੀਸੀ ਤਕ ਦੇ ਟੂ-ਵ੍ਹੀਲਰਾਂ ਨੂੰ ਪੂਰੀ ਤਰ੍ਹਾਂ ਇਲੈਕਟ੍ਰਿਕ 'ਚ ਬਦਲਣ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਸੀ। ਉੱਥੇ ਹੀ, ਇਸ ਤੋਂ ਪਹਿਲਾਂ ਸਰਕਾਰ ਨੇ ਵੀ 2030 ਤਕ 50 ਫੀਸਦੀ ਤੋਂ ਵੱਧ ਵ੍ਹੀਕਲਸ ਨੂੰ ਇਲੈਕਟ੍ਰਿਕ ਮੋਡ 'ਚ ਲਿਆਉਣ ਦੀ ਗੱਲ ਕਹੀ ਸੀ।