ਆਟੋ ਸੈਕਟਰ 'ਚ ਮੰਦੀ ਲਈ ਓਲਾ-ਉਬਰ ਜ਼ਿੰਮੇਵਾਰ : ਨਿਰਮਲਾ ਸੀਤਾਰਮਣ

09/10/2019 7:24:02 PM

ਨਵੀਂ ਦਿੱਲੀ— ਆਟੋਮੋਬਾਇਲ ਸੈਕਟਰ ਮੰਦੀ ਦੀ ਮਾਰ ਝੱਲ ਰਿਹਾ ਹੈ। ਕਈ ਕੰਪਨੀਆਂ ਕੁਝ ਦਿਨਾਂ ਲਈ ਪ੍ਰੋਡਕਸ਼ਨ ’ਤੇ ਰੋਕ ਲਾ ਚੁੱਕੀਆਂ ਹਨ ਅਤੇ ਇਸ ਖੇਤਰ ਨਾਲ ਜੁਡ਼ੇ ਲੋਕਾਂ ਦੀਆਂ ਨੌਕਰੀਆਂ ਵੀ ਖਤਰੇ ’ਚ ਹਨ। ਅਜਿਹੇ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਟੋ ਸੈਕਟਰ ਦੀ ਗਿਰਾਵਟ ਲਈ ਲੋਕਾਂ ਦੇ ਰੁਝਾਨ ’ਚ ਬਦਲਾਅ ਅਤੇ ਬੀ. ਐੱਸ.-6 ਮਾਡਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਆਟੋਮੋਬਾਇਲ ਸੈਕਟਰ ਦੀ ਹਾਲਤ ਲਈ ਕਈ ਫੈਕਟਰ ਜ਼ਿੰਮੇਵਾਰ ਹਨ, ਜਿਨ੍ਹਾਂ ’ਚ ਬੀ. ਐੱਸ.-6 ਮੂਵਮੈਂਟ, ਰਜਿਸਟ੍ਰੇਸ਼ਨ ਫੀਸ ਨਾਲ ਸਬੰਧਤ ਮਾਮਲੇ ਅਤੇ ਲੋਕਾਂ ਦਾ ਰੁਝਾਨ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਆਟੋ ਸੈਕਟਰ ’ਚ ਮੰਦੀ ਦੇ ਪਿੱਛੇ ਓਲਾ ਅਤੇ ਉਬੇਰ ਵੀ ਮਹੱਤਵਪੂਰਨ ਕਾਰਣ ਹੈ।

ਈ. ਐੱਮ. ਆਈ. ਨਾਲੋਂ ਜ਼ਿਆਦਾ ਪਸੰਦ ਹੈ ਓਲਾ, ਉਬੇਰ

ਸੀਤਾਰਮਣ ਨੇ ਕਿਹਾ ਕਿ ਅੱਜ-ਕੱਲ ਲੋਕ ਗੱਡੀ ਖਰੀਦ ਕੇ ਈ. ਐੱਮ. ਆਈ. ਭਰਨ ਨਾਲੋਂ ਜ਼ਿਆਦਾ ਮੈਟਰੋ ’ਚ ਸਫਰ ਕਰਨਾ ਜਾਂ ਓਲਾ-ਉਬੇਰ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਉਨ੍ਹਾਂ ਸਵੀਕਾਰ ਕੀਤਾ ਕਿ ਇਸ ਸੈਕਟਰ ’ਚ ਗਿਰਾਵਟ ਇਕ ਗੰਭੀਰ ਸਮੱਸਿਆ ਹੈ ਅਤੇ ਇਸ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ। ਵਿੱਤ ਮੰਤਰੀ ਨੇ ਕਿਹਾ, ‘‘ਅਸੀਂ ਸਾਰੇ ਸੈਕਟਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਗੰਭੀਰ ਹਾਂ ਅਤੇ ਜ਼ਰੂਰੀ ਕਦਮ ਚੁੱਕੇ ਜਾਣਗੇ। ਇਹ ਸਰਕਾਰ ਸਭ ਦੀ ਸੁਣਦੀ ਹੈ। ਅਗਸਤ ਅਤੇ ਸਤੰਬਰ ’ਚ 2 ਵੱਡੇ ਐਲਾਨ ਕੀਤੇ ਗਏ, ਜ਼ਰੂਰਤ ਮੁਤਾਬਕ ਹੋਰ ਵੀ ਐਲਾਨ ਕੀਤੇ ਜਾ ਸਕਦੇ ਹਨ।’’

ਵਿਕਰੀ ’ਚ ਗਿਰਾਵਟ ਦਾ ਕਾਰਣ ਓਲਾ, ਉਬੇਰ ਨਹੀਂ : ਭਾਰਗਵ

ਮਾਰੂਤੀ ਦੇ ਚੇਅਰਮੈਨ ਆਰ. ਸੀ. ਭਾਰਗਵ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਓਲਾ, ਉਬੇਰ ਦੀ ਵਜ੍ਹਾ ਨਾਲ ਕਾਰਾਂ ਦੀ ਵਿਕਰੀ ’ਤੇ ਪ੍ਰਭਾਵ ਪਿਆ ਹੈ। ਉਨ੍ਹਾਂ ਇਸ ਲਈ ਸਰਕਾਰ ਦੀਆਂ ਨੀਤੀਆਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ। ਭਾਰਗਵ ਨੇ ਦੱਸਿਆ ਕਿ ਪੈਟਰੋਲ-ਡੀਜ਼ਲ ਦੀ ਉੱਚੀ ਟੈਕਸ ਦਰ ਅਤੇ ਰੋਡ ਟੈਕਸ ਦੀ ਵਜ੍ਹਾ ਨਾਲ ਵੀ ਲੋਕ ਕਾਰ ਖਰੀਦਣ ਤੋਂ ਕਤਰਾਉਣ ਲੱਗੇ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਦੀ ਕਟੌਤੀ ਨਾਲ ਇਸ ’ਚ ਕੋਈ ਫਰਕ ਨਹੀਂ ਪੈਣ ਵਾਲਾ ਹੈ। ਉਥੇ ਹੀ ਇੰਡਸਟਰੀ ਇਸ ਸੁਸਤੀ ਨਾਲ ਨਜਿੱਠਣ ਲਈ ਜੀ. ਐੱਸ. ਟੀ. ’ਚ ਕਟੌਤੀ ਦੀ ਮੰਗ ਕਰ ਰਹੀ ਹੈ।

ਕਾਰਾਂ ਦੀਆਂ ਵਧੀਆਂ ਕੀਮਤਾਂ ਵੀ ਕਾਰਣ

ਮਾਰੂਤੀ ਦੇ ਚੇਅਰਮੈਨ ਨੇ ਕਿਹਾ ਕਿ ਕਾਰਾਂ ’ਚ ਏਅਰਬੈਗਸ ਅਤੇ ਏ. ਬੀ. ਐੱਸ. ਵਰਗੇ ਸੇਫਟੀ ਫੀਚਰਸ ਜੋੜਨ ਕਾਰਣ ਕੀਮਤਾਂ ਵਧ ਗਈਆਂ ਅਤੇ ਕਾਰ ਦੋਪਹੀਆ ਵਾਹਨ ਚਲਾਉਣ ਵਾਲਿਆਂ ਦੀ ਪਹੁੰਚ ਤੋਂ ਦੂਰ ਹੋ ਗਈ। ਭਾਰਗਵ ਨੇ ਕਿਹਾ ਸੀ ਕਿ ਓਲਾ, ਉਬੇਰ ਇਸ ਦੇ ਲਈ ਜ਼ਿੰਮੇਵਾਰ ਨਹੀਂ ਹਨ ਸਗੋਂ ਸਖ਼ਤ ਸੇਫਟੀ ਅਤੇ ਇਮਿਸ਼ਨ ਨਿਯਮ, ਬੀਮੇ ਦੀ ਜ਼ਿਆਦਾ ਲਾਗਤ ਅਤੇ ਵਾਧੂ ਰੋਡ ਟੈਕਸ ਇਸ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਰਜਿਸਟਰੀ ਫੀਸ ਦਾ ਮਹਿੰਗਾ ਹੋਣਾ ਵੀ ਵਜ੍ਹਾ

ਵਿੱਤ ਮੰਤਰੀ ਨੇ ਓਲਾ, ਉਬੇਰ ਨੂੰ ਆਟੋ ਸੈਕਟਰ ਦੀ ਮੰਦੀ ਦੇ ਨਾਲ ਹੀ ਰਜਿਸਟਰੀ ਫੀਸ ਦਾ ਮਹਿੰਗਾ ਹੋਣਾ ਵੀ ਇਸ ਦੀ ਵਜ੍ਹਾ ਦੱਸੀ ਹੈ ਜੋ ਆਰ. ਸੀ. ਭਾਰਗਵ ਨਾਲ ਵੀ ਮੇਲ ਖਾਂਦੀ ਹੈ। ਦੱਸਣਯੋਗ ਹੈ ਕਿ ਲਗਾਤਾਰ 10ਵੇਂ ਮਹੀਨੇ ਅਗਸਤ ’ਚ ਵੀ ਕਾਰਾਂ ਦੀ ਵਿਕਰੀ ’ਚ ਕਮੀ ਆਈ ਹੈ। ਲਗਭਗ ਸਾਰੀਆਂ ਕੰਪਨੀਆਂ ਦੀ ਵੱਡੀਆਂ ਗੱਡੀਆਂ ਦੀ ਵਿਕਰੀ ਘੱਟ ਹੁੰਦੀ ਜਾ ਰਹੀ ਹੈ।

Inder Prajapati

This news is Content Editor Inder Prajapati