ਰਿਲਾਇੰਸ ਨੇ ਭੁਗਤਾਨ ਦੇ ਮੁੱਦੇ ’ਤੇ ਪ੍ਰਾਜੈਕਟ ਹਿੱਸੇਦਾਰ ਨਿਕੋ ਰਿਸੋਰਸਿਜ਼ ਨੂੰ ਵੱਖ ਹੋਣ ਲਈ ਕਿਹਾ

01/21/2019 5:38:29 PM

ਨਵੀਂ ਦਿੱਲੀ — ਰਿਲਾਇੰਸ ਇੰਡਸਟਰੀਜ਼ ਨੇ ਕੇ. ਜੀ.-ਡੀ. 6 ਗੈਸ ਬਲਾਕ ’ਚ ਆਪਣੇ ਹਿੱਸੇਦਾਰ ਨਿਕੋ ਰਿਸੋਰਸਿਜ਼ ਨੂੰ ਵੱਖ ਹੋਣ ਲਈ ਕਿਹਾ ਹੈ। ਦੱਸਿਆ ਗਿਆ ਹੈ ਕਿ ਇਸ ਪ੍ਰਾਜੈਕਟ ਦੇ ਵਿਕਾਸ ਦੇ ਖਰਚ ’ਚ ਨਿਕੋ ਨੇ ਆਪਣੇ ਹਿੱਸੇ ਦਾ ਭੁਗਤਾਨ ਕਰਨ ’ਚ ਅਣਗਿਹਲੀ ਕੀਤੀ ਹੈ ਪਰ ਕੈਨੇਡਾ ਦੀ ਕੰਪਨੀ ਇਸ ਮਾਮਲੇ ਦਾ ਨਿਬੇੜਾ ਵਿਚੋਲਗੀ ਅਦਾਲਤ ਨਾਲ ਕਰਨਾ ਚਾਹੁੰਦੀ ਹੈ।
ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਖੇਤਰ ਤੋਂ ਕੁੱਝ ਦੂਰੀ ’ਤੇ ਬੰਗਾਲ ਦੀ ਖਾੜੀ ’ਚ ਇਸ ਗੈਸ ਬਲਾਕ ’ਚ ਨਿਕੋ ਰਿਸੋਰਸਿਜ਼ 10 ਫੀਸਦੀ ਦੀ ਹਿੱਸੇਦਾਰ ਹੈ। ਇਸ ਹਿੱਸੇਦਾਰੀ ਨੂੰ ਵੇਚਣ ਦੀ ਕੋਸ਼ਿਸ਼ ’ਚ ਉਹ ਨਾ ਤਾਂ ਅਜੇ ਸਫਲ ਹੋਈ ਹੈ ਅਤੇ ਨਾ ਹੀ ਪ੍ਰਾਜੈਕਟ ਵਿਕਾਸ ਲਈ ਆਪਣੇ ਹਿੱਸੇ ਦੀ ਪੂੰਜੀ ਦਾ ਪ੍ਰਬੰਧ ਕਰ ਸਕੀ ਹੈ। ਕੇ. ਜੀ.-ਡੀ. 6 ਖੇਤਰ ’ਚ ਖੋਜੇ ਗਏ ਗੈਸ/ਤੇਲ ਦੇ ਆਰ-ਕਲੱਸਟਰ, ਸੈਟੇਲਾਈਟ ਕਲੱਸਟਰ ਅਤੇ ਐੱਮ. ਜੇ. ਵਿਕਾਸ ਪ੍ਰਾਜੈਕਟ ਖੇਤਰਾਂ ਦੇ ਵਿਕਾਸ ਲਈ ਨਿਕੋ ਰਿਸੋਰਸਿਜ਼ ਨੂੰ 5 ਤੋਂ 6 ਅਰਬ ਡਾਲਰ ਦੀ ਰਾਸ਼ੀ ਦਾ ਪ੍ਰਬੰਧ ਕਰਨਾ ਹੈ। ਪਿਛਲੇ ਹਫਤੇ ਆਪਣੇ ਤਿਮਾਹੀ ਨਤੀਜਿਆਂ ’ਚ ਰਿਲਾਇੰਸ ਨੇ ਕਿਹਾ ਕਿ ਨਿਕੋ ਨੇ ‘ਨਕਦ ਭੁਗਤਾਨ’ ਕਰਨ ’ਚ ਅਣਗਿਹਲੀ ਕੀਤੀ ਅਤੇ ਸਾਂਝੇ ਸੰਚਾਲਨ ਸਮਝੌਤੇ ਦੇ ਪ੍ਰਬੰਧ ਅਨੁਸਾਰ ਇਸ ਅਣਗਿਹਲੀ ਦੇ ਸਬੰਧ ’ਚ ਉਸ ਨੂੰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ। ਨਿਕੋ ਤੋਂ ਇਲਾਵਾ ਇਸ ਗੈਸ ਬਲਾਕ ’ਚ ਰਿਲਾਇੰਸ ਦੀ ਹਿੱਸੇਦਾਰੀ 60 ਫੀਸਦੀ ਅਤੇ ਬ੍ਰਿਟੇਨ ਦੀ ਬੀ. ਪੀ. ਦੀ 30 ਫੀਸਦੀ ਹੈ। ਰਿਲਾਇੰਸ ਇਸ ਬਲਾਕ ਦੀ ਸੰਚਾਲਕ ਹੈ।