ਸ਼ਹਿਰੀ ਗਾਹਕਾਂ ਨੂੰ ਝਟਕਾ, 1 FEB ਤੋਂ ਗ੍ਰੋਸਰੀ ''ਤੇ ਨਹੀਂ ਮਿਲੇਗਾ ਕੈਸ਼ਬੈਕ

01/08/2019 3:56:10 PM

 

ਨਵੀਂ ਦਿੱਲੀ— ਸਰਕਾਰ ਦੀ ਨਵੀਂ ਈ-ਕਾਮਰਸ ਪਾਲਿਸੀ ਨਾਲ ਨਾ ਸਿਰਫ ਕੰਪਨੀਆਂ ਸਗੋਂ ਗਾਹਕਾਂ ਨੂੰ ਵੀ ਝਟਕਾ ਲੱਗਣ ਵਾਲਾ ਹੈ। 1 ਫਰਵਰੀ ਤੋਂ ਆਨਲਾਈਨ ਗ੍ਰੋਸਰੀ ਪ੍ਰਾਡਕਟਸ 'ਤੇ ਡਿਸਕਾਊਂਟ ਅਤੇ ਕੈਸ਼ਬੈਕ ਮਿਲਣਾ ਬੰਦ ਹੋ ਸਕਦਾ ਹੈ। ਇਸ ਦਾ ਸਭ ਤੋਂ ਵੱਧ ਝਟਕਾ ਵੱਡੇ ਸ਼ਹਿਰਾਂ ਦੇ ਲੋਕਾਂ ਨੂੰ ਲੱਗੇਗਾ ਕਿਉਂਕਿ ਸ਼ਹਿਰਾਂ 'ਚ ਰਹਿਣ ਵਾਲੇ ਬਹੁਤ ਸਾਰੇ ਲੋਕ ਬਾਜ਼ਾਰ ਜਾ ਕੇ ਸਬਜ਼ੀ-ਫਲ ਤੇ ਰਾਸ਼ਨ ਖਰੀਦਣ ਦੀ ਬਜਾਏ ਆਨਲਾਈਨ ਖਰੀਦਦਾਰੀ ਨੂੰ ਪਹਿਲ ਦਿੰਦੇ ਹਨ।

ਨਵੀਂ ਪਾਲਿਸੀ ਕਾਰਨ ਗ੍ਰੋਸਰੀ ਬਰਾਂਡਸ 'ਚ ਵੀ ਬੈਚੇਨੀ ਵਧ ਗਈ ਹੈ। ਉਨ੍ਹਾਂ ਨੂੰ ਡਰ ਹੈ ਕਿ ਇਸ ਕਾਰਨ ਆਨਲਾਈਨ ਗਾਹਕੀ ਘੱਟ ਸਕਦੀ ਹੈ। ਜਿਨ੍ਹਾਂ ਕੰਪਨੀਆਂ ਨੂੰ ਨਵੀਂ ਈ-ਕਾਮਰਸ ਪਾਲਿਸੀ ਨਾਲ ਝਟਕਾ ਲੱਗਣ ਦਾ ਡਰ ਹੈ ਉਨ੍ਹਾਂ 'ਚ ਗ੍ਰੋਫਰਸ, ਬਿਗ ਬਾਸਕਿਟ, ਫਲਿੱਪਕਾਰਟ ਵਰਗੀਆਂ ਵੱਡੀਆਂ ਅਤੇ ਛੋਟੀਆਂ ਕੰਪਨੀਆਂ ਸ਼ਾਮਲ ਹਨ। ਇਕ ਰਿਪੋਰਟ ਮੁਤਾਬਕ, ਭਾਰਤ 'ਚ ਖਾਣ-ਪੀਣ ਦਾ ਕਾਰੋਬਾਰ 3.4 ਲੱਖ ਕਰੋੜ ਰੁਪਏ ਦਾ ਹੈ, ਜਿਸ ਦਾ 2 ਫੀਸਦੀ ਕਾਰੋਬਾਰ ਆਨਲਾਈਨ ਹੁੰਦਾ ਹੈ। ਸਾਲ 2016 'ਚ ਸਿਰਫ 0.4 ਫੀਸਦੀ ਗ੍ਰੋਸਰੀ ਕਾਰੋਬਾਰ ਹੀ ਈ-ਕਾਮਰਸ ਜ਼ਰੀਏ ਹੁੰਦਾ ਸੀ। ਇੰਟਰਨੈੱਟ ਇਕਨਾਮੀ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ 2030 ਤਕ ਈ-ਕਾਮਰਸ ਜ਼ਰੀਏ 11 ਫੀਸਦੀ ਗ੍ਰੋਸਰੀ ਕਾਰੋਬਾਰ ਹੋਣ ਲੱਗੇਗਾ ਪਰ ਹਾਲ ਹੀ ਦੇ ਨਿਯਮਾਂ ਨਾਲ ਆਨਲਾਈਨ ਕੰਪਨੀਆਂ ਨੂੰ ਗਾਹਕਾਂ ਦੇ ਦੂਰ ਹੋਣ ਦਾ ਖਦਸ਼ਾ ਡਰਾ ਰਿਹਾ ਹੈ।

ਦੁਕਾਨਦਾਰਾਂ ਨੂੰ ਮਿਲੇਗਾ ਫਾਇਦਾ-
ਸਰਕਾਰ ਦੀ ਨਵੀਂ ਪਾਲਿਸੀ ਮੁਤਾਬਕ ਆਨਲਾਈਨ ਕੰਪਨੀਆਂ 'ਤੇ ਹੁਣ ਕਿਸੇ ਵੀ ਪ੍ਰਾਡਕਟ ਦੀ ਖਾਸ ਵਿਕਰੀ ਨਹੀਂ ਹੋ ਸਕੇਗੀ। ਇਸ ਦਾ ਫਾਇਦਾ ਦੁਕਾਨਦਾਰਾਂ ਨੂੰ ਮਿਲੇਗਾ। ਇਸ ਦੇ ਨਾਲ ਹੀ ਹੁਣ ਉਹ ਵਪਾਰੀ ਵੀ ਆਪਣਾ ਸਾਮਾਨ ਆਨਲਾਈਨ ਪਲੇਟਫਾਰਮ 'ਤੇ ਨਹੀਂ ਵੇਚ ਸਕੇਗਾ, ਜਿਸ ਦੀ ਈ-ਕਾਮਰਸ ਕੰਪਨੀ 'ਚ ਹਿੱਸੇਦਾਰੀ ਹੈ। ਇਸ ਕਦਮ ਨਾਲ ਐਮਾਜ਼ੋਨ ਅਤੇ ਫਲਿੱਪਕਾਰਟ 'ਤੇ ਬੰਪਰ ਛੋਟ ਖਤਮ ਹੋ ਸਕਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਐਮਾਜ਼ੋਨ ਜਾਂ ਬਿਗ ਬਾਸਕਿਟ ਵਰਗੇ ਪਲੇਟਫਾਰਮ ਜੇਕਰ ਸਿੱਧੇ ਕੈਸ਼ਬੈਕ ਦੀ ਜਗ੍ਹਾ ਫਿਲਮ ਦੇ ਟਿਕਟ ਵਾਊਚਰਸ ਜਾਂ ਫਲਾਈਟ ਬੁਕਿੰਗ 'ਤੇ ਫਾਇਦਾ ਦਿੰਦੇ ਹਨ, ਤਾਂ ਗਾਹਕਾਂ ਦੀ ਖਿੱਚ ਓਨੀ ਨਹੀਂ ਰਹੇਗੀ ਜਿੰਨੀ ਡਿਸਕਾਊਂਟ ਜਾਂ ਕੈਸ਼ਬੈਕ ਕਰਕੇ ਹੁੰਦੀ ਸੀ।


Related News