ਨਵੀਂ ਡਰੋਨ ਪਾਲਿਸੀ ਨੂੰ ਹਰੀ ਝੰਡੀ ਜਲਦ, ਹਵਾਈ ਰਸਤੇ ਪਿਜ਼ਾ ਪਹੁੰਚੇਗਾ ਤੁਹਾਡੇ ਘਰ

01/16/2019 3:03:16 PM

ਮੁੰਬਈ— ਹੁਣ ਜਲਦ ਹੀ ਡਰੋਨ ਜ਼ਰੀਏ ਤੁਹਾਡੇ ਘਰ ਪਿਜ਼ਾ ਵਰਗੇ ਖਾਣ-ਪੀਣ ਦੇ ਸਮਾਨ ਸਮੇਤ ਹੋਰ ਵਸਤੂਆਂ ਦੀ ਸਪਲਾਈ ਹੋ ਸਕੇਗੀ। ਐਮਾਜ਼ੋਨ ਅਤੇ ਫਲਿੱਪਕਾਰਟ ਵਰਗੀਆਂ ਈ-ਕਾਮਰਸ ਕੰਪਨੀਆਂ ਅਤੇ ਪਿਜ਼ਾ ਡਲਿਵਰੀ ਰੈਸਟੋਰੈਂਟ ਡਰੋਨ ਰਾਹੀਂ ਤੁਹਾਡੇ ਘਰ ਤਕ ਸਮਾਨ ਦੀ ਡਲਿਵਰੀ ਕਰ ਸਕਣਗੇ। ਸਰਕਾਰ ਨੇ ਡੋਰਨ ਪਾਲਿਸੀ 2.0 ਦਾ ਖੁਲਾਸਾ ਕੀਤਾ ਹੈ, ਜਿਸ ਤਹਿਤ ਡਰੋਨ ਨੂੰ ਵਪਾਰਕ ਮਨਜ਼ੂਰੀ ਦੇਣ ਦਾ ਪ੍ਰਸਤਾਵ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਪਾਲਿਸੀ ਨਾਲ ਹਵਾਈ ਰਸਤਿਓਂ ਸਪਲਾਈ ਦੇ ਕਈ ਨਵੇਂ ਖੇਤਰ ਖੁੱਲ੍ਹਣਗੇ, ਜਿਵੇਂ ਸਪਲਾਈ ਚੇਨ ਨੈੱਟਵਰਕ ਲਈ ਚੀਜ਼ਾਂ ਦੀ ਸਪਲਾਈ, ਮੈਡੀਸਨਸ ਦੀ ਸਪਲਾਈ ਜਾਂ ਮਰੀਜ਼ਾਂ ਦੇ ਖੂਨ ਦੇ ਨਮੂਨੇ ਨੂੰ ਜਾਂਚ ਲਈ ਪ੍ਰਯੋਗਸ਼ਾਲਾਵਾਂ 'ਚ ਸਮੇਂ 'ਤੇ ਪਹੁੰਚਾਉਣ ਆਦਿ 'ਚ ਸੁਵਿਧਾ ਹੋਵੇਗੀ।

ਬ੍ਰਿਟੇਨ 'ਚ ਡੋਰਨ ਦਾ ਇਸਤੇਮਾਲ ਕਰਕੇ ਦੇਖਣ ਵਾਲੀ ਈ-ਕਾਮਰਸ ਕੰਪਨੀ ਐਮਾਜ਼ੋਨ ਇਸ ਨੂੰ ਕ੍ਰਾਂਤੀਕਾਰੀ ਕਦਮ ਮੰਨਦੀ ਹੈ। ਐਮਾਜ਼ੋਨ ਨੇ ਪਹਿਲੀ ਵਪਾਰਕ ਸਪਲਾਈ ਦੇ ਤੌਰ 'ਤੇ ਬ੍ਰਿਟੇਨ ਦੇ ਪੇਂਡੂ ਇਲਾਕਿਆਂ 'ਚ ਪੌਪਕਾਰਨ ਨਾਲ ਭਰੇ ਬੈਗ ਦੀ ਸਪਲਾਈ ਕੀਤੀ ਸੀ।
ਡਰੋਨ ਲਈ ਪੋਰਟ ਵਿਕਸਤ ਕਰਨ ਦੀ ਯੋਜਨਾ ਵੀ ਹੈ, ਜਿੱਥੋਂ ਇਹ ਉਡਾਣ ਭਰ ਸਕਦੇ ਹਨ ਅਤੇ ਉਤਰ ਸਕਦੇ ਹਨ। ਡਰੋਨ ਪਾਲਿਸੀ 2.0 ਮੁਤਾਬਕ, ਇਹ ਪੋਰਟ ਅਜਿਹੇ ਇਲਾਕਿਆਂ 'ਚ ਬਣਾਉਣ ਦਾ ਪ੍ਰਸਤਾਵ ਹੈ ਜਿੱਥੋਂ ਇਨ੍ਹਾਂ ਦੇ ਅਸਮਾਨ 'ਚ ਚੜ੍ਹਨ ਅਤੇ ਜ਼ਮੀਨ 'ਤੇ ਉਤਰਨ ਦੀ ਸੁਵਿਧਾ ਅਸਾਨ ਹੋਵੇਗੀ। ਇਨ੍ਹਾਂ ਪੋਰਟਾਂ ਨੂੰ ਤਕਨੀਕੀ ਮਾਪਦੰਡ ਪੂਰਾ ਕਰਨ 'ਤੇ ਸੰਬੰਧਤ ਅਥਾਰਟੀ ਵੱਲੋਂ ਲਾਇੰਸੈਂਸ ਦਿੱਤਾ ਜਾ ਸਕਦਾ ਹੈ।

ਪਿਛਲੇ ਸਾਲ ਜਾਰੀ ਹੋਈ ਸੀ ਡਰੋਨ 1.0 ਪਾਲਿਸੀ
ਸਰਕਾਰ ਨੇ ਪਿਛਲੇ ਸਾਲ ਅਗਸਤ 'ਚ ਡਰੋਨ 1.0 ਪਾਲਿਸੀ ਜਾਰੀ ਕੀਤੀ ਸੀ, ਜਿਸ ਤਹਿਤ 1 ਦਸੰਬਰ ਤੋਂ ਨਿੱਜੀ ਤੌਰ 'ਤੇ ਅਤੇ ਕੰਪਨੀ ਨੂੰ ਇਕ ਨਿਸ਼ਚਿਤ ਇਲਾਕੇ 'ਚ ਡਰੋਨ ਉਡਾਉਣ ਦੀ ਮਨਜ਼ੂਰੀ ਹੈ।ਹਾਲਾਂਕਿ ਸਕਿਓਰਿਟੀ ਦੇ ਮੱਦੇਨਜ਼ਰ ਕੁਝ ਖੇਤਰਾਂ 'ਚ ਇਸ ਨੂੰ ਉਡਾਉਣ ਦੀ ਮਨਜ਼ੂਰੀ ਨਹੀਂ ਹੈ।ਪਹਿਲੀ ਪਾਲਿਸੀ ਤਹਿਤ ਡਰੋਨ ਨੂੰ ਭਾਰ ਦੇ ਹਿਸਾਬ ਨਾਲ 5 ਸ਼੍ਰੇਣੀਆਂ 'ਚ ਵੰਡਿਆ ਗਿਆ ਹੈ। ਇਸ 'ਚ ਨੈਨੋ, ਮਾਈਕਰੋ, ਸਮਾਲ, ਮੀਡੀਅਮ ਅਤੇ ਲਾਰਜ ਸ਼੍ਰੇਣੀ ਸ਼ਾਮਲ ਹਨ। ਨੈਨੋ 'ਚ 250 ਗ੍ਰਾਮ ਤਕ ਜਾਂ ਉਸ ਤੋਂ ਘਟ ਭਾਰ ਵਾਲੇ ਡਰੋਨ ਸ਼ਾਮਲ ਹਨ, ਜਦੋਂ ਕਿ ਮਾਈਕਰੋ 'ਚ 250 ਗ੍ਰਾਮ ਤੋਂ 2 ਕਿਲੋਗ੍ਰਾਮ ਤਕ ਦੇ ਭਾਰ ਵਾਲੇ ਡਰੋਨ ਹਨ। ਸਮਾਲ ਸ਼੍ਰੇਣੀ 'ਚ 2 ਕਿਲੋਗ੍ਰਾਮ ਤੋਂ ਉਪਰ ਅਤੇ 25 ਕਿਲੋਗ੍ਰਾਮ ਤਕ ਦੇ ਭਾਰ ਵਾਲੇ ਡਰੋਨ ਸ਼ਾਮਲ ਹਨ। ਮੀਡੀਅਮ ਸ਼੍ਰੇਣੀ 'ਚ 25 ਕਿਲੋਗ੍ਰਾਮ ਤੋਂ ਉਪਰ ਅਤੇ 150 ਕਿਲੋਗ੍ਰਾਮ ਤਕ ਦੇ ਭਾਰ ਵਾਲੇ ਡਰੋਨਜ਼ ਨੂੰ ਰੱਖਿਆ ਗਿਆ ਹੈ।150 ਕਿਲੋਗ੍ਰਾਮ ਤੋਂ ਉਪਰ ਵਾਲੇ ਸਾਰੇ ਡਰੋਨਜ਼ ਲਾਰਜ ਸ਼੍ਰੇਣੀ 'ਚ ਰੱਖੇ ਗਏ ਹਨ।