ਮੈਗੀ ਦੇ ਸ਼ੌਕੀਨਾਂ ਦੀ ਮੌਜ, ਹੁਣ ਮੁਫਤ ਪੈਕੇਟ ਦੇਵੇਗੀ ਨੈਸਲੇ!

11/15/2018 12:37:58 PM

ਨਵੀਂ ਦਿੱਲੀ— ਜੇਕਰ ਤੁਸੀਂ ਵੀ ਮੈਗੀ ਖਾਣ ਦੇ ਸ਼ੌਕੀਨ ਹੋ ਤਾਂ ਹੁਣ ਤੁਹਾਡਾ ਖਾਲੀ ਪੈਕੇਟ ਵੀ ਬੇਕਾਰ ਨਹੀਂ ਜਾਵੇਗਾ। ਨੈਸਲੇ ਨੇ ਮੈਗੀ ਨੂਡਲਜ਼ ਲਈ 'ਰਿਟਰਨ ਸਕੀਮ' ਸ਼ੁਰੂ ਕੀਤੀ ਹੈ। ਗਾਹਕ ਮੈਗੀ ਨੂਡਲਜ਼ ਦੇ 10 ਖਾਲੀ ਪੈਕੇਟ ਲਿਜਾ ਕੇ ਦੁਕਾਨ 'ਤੇ ਇਕ ਪੈਕੇਟ ਮੁਫਤ ਲੈ ਸਕਦੇ ਹਨ। ਇਹ ਸਕੀਮ ਫਿਲਹਾਲ ਦੇਹਰਾਦੂਨ ਅਤੇ ਮਸੂਰੀ 'ਚ ਸ਼ੁਰੂ ਹੋਈ ਹੈ ਪਰ ਜਲਦ ਹੀ ਹੋਰ ਸੂਬਿਆਂ 'ਚ ਵੀ ਸ਼ੁਰੂ ਹੋਣ ਦੀ ਉਮੀਦ ਹੈ। ਨੈਸਲੇ ਇੰਡੀਆ ਨੇ ਇਹ ਕਦਮ ਪਲਾਸਟਿਕ ਪ੍ਰਦੂਸ਼ਣ ਅਤੇ ਇਸ ਦੇ ਵਾਤਾਵਰਣ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਘੱਟ ਕਰਨ ਦੇ ਮਕਸਦ ਨਾਲ ਉਠਾਇਆ ਹੈ।

ਨੈਸਲੇ ਇੰਡੀਆ ਦੇ ਇਕ ਬੁਲਾਰੇ ਨੇ ਕਿਹਾ ਕਿ 'ਰਿਟਰਨ ਸਕੀਮ' ਤਹਿਤ ਦੇਹਰਾਦੂਨ ਅਤੇ ਮਸੂਰੀ 'ਚ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਖੇਤਰ ਦੇ ਤਕਰੀਬਨ 250 ਰਿਟੇਲਰਸ ਇਸ ਦਾ ਫਾਇਦਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਜ਼ਰੀਏ ਕੰਪਨੀ ਦਾ ਮਕਸਦ ਪਲਾਸਟਿਕ ਕਚਰੇ 'ਚ ਕਮੀ ਲਿਆਉਣਾ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਨਾਲ ਗਾਹਕਾਂ ਦੀ ਆਦਤ ਬਦਲੇਗੀ ਅਤੇ ਉਹ ਪਲਾਸਟਿਕ ਲਿਫਾਫਿਆਂ ਨੂੰ ਇੱਧਰ-ਉੱਧਰ ਸੁੱਟਣ ਦੀ ਬਜਾਏ ਕੂੜੇਦਾਨ 'ਚ ਸੁੱਟਣਗੇ। ਇਕ ਰਿਪੋਰਟ ਮੁਤਾਬਕ, ਪਿਛਲੇ ਸਾਲ ਉਤਰਾਖੰਡ 'ਚ ਪਲਾਸਟਿਕ ਕਚਰੇ 'ਚ ਸਭ ਤੋਂ ਵੱਧ ਲਿਫਾਫੇ ਮੈਗੀ ਦੇ ਸਨ। ਇਸ ਦੇ ਇਲਾਵਾ ਪੈਪਸਿਕੋ, ਲੇਜ ਚਿਪਸ ਅਤੇ ਪਾਰਲੇ ਦੀ ਫਰੂਟੀ ਵਰਗੇ ਬ੍ਰਾਂਡਜ਼ ਦੇ ਵੀ ਢੇਰ ਲੱਗੇ ਸਨ ਕਿਉਂਕਿ ਗਾਹਕ ਖਾਲੀ ਪੈਕੇਟਾਂ ਨੂੰ ਕੂੜੇਦਾਨ 'ਚ ਸੁੱਟਣ ਦੀ ਬਜਾਏ ਇੱਧਰ-ਉੱਧਰ ਸੁੱਟ ਦਿੰਦੇ ਸਨ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ, ਗੁਜਰਾਤ, ਉਤਰਾਖੰਡ ਅਤੇ ਤਾਮਿਲਨਾਡੂ ਉਨ੍ਹਾਂ ਪਲਾਸਟਿਕ ਦੇ ਇਸਤੇਮਾਲ 'ਤੇ ਰੋਕ ਲਾ ਚੁੱਕੇ ਹਨ ਜਿਨ੍ਹਾਂ ਨੂੰ ਦੁਬਾਰਾ ਵਰਤੋਂ 'ਚ ਨਹੀਂ ਲਿਆਂਦਾ ਜਾ ਸਕਦਾ। ਇਸ ਨਾਲ ਕੰਪਨੀਆਂ ਨੇ ਪਲਾਸਟਿਕ ਦਾ ਇਸਤੇਮਾਲ ਘੱਟ ਕਰਨਾ ਸ਼ੁਰੂ ਕਰ ਦਿੱਤਾ ਹੈ। ਕੋਕਾ-ਕੋਲਾ, ਪੈਪਸਿਕੋ ਅਤੇ ਬਿਸਲਰੀ ਨੇ ਜੁਲਾਈ 'ਚ ਮਹਾਰਾਸ਼ਟਰ 'ਚ ਬਾਇਬੈਕ ਵੈਲਿਊ ਛਾਪਣਾ ਸ਼ੁਰੂ ਕੀਤਾ ਸੀ।