ਘਾਟੇ ਵਾਲੀ ਭਾਰਤੀ ਏਅਰਲਾਈਨ ਵੀ ਏਅਰ ਇੰਡੀਆ ਲਈ ਲਾ ਸਕਦੀ ਹੈ ਬੋਲੀ

02/02/2020 9:33:07 PM

ਨਵੀਂ ਦਿੱਲੀ (ਭਾਸ਼ਾ)-ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਲਈ ਕੋਈ ਵੀ ਭਾਰਤੀ ਏਅਰਲਾਈਨ ਬੋਲੀ ਲਾਉਣ ਦੇ ਯੋਗ ਹੈ, ਭਾਵੇਂ ਹੀ ਉਸ ਦੀ ਨੈੱਟਵਰਥ ਜ਼ੀਰੋ ਜਾਂ ਨਾਂ-ਪੱਖੀ ਹੀ ਕਿਉਂ ਨਾ ਹੋਵੇ। ਮਤਲਬ ਚਾਹੇ ਕੰਪਨੀ ਘਾਟੇ ’ਚ ਹੀ ਚੱਲ ਰਹੀ ਹੋਵੇ। ਸਰਕਾਰ ਨੇ ਕਰਜ਼ੇ ਦੇ ਬੋਝ ਹੇਠ ਦੱਬੀ ਏਅਰ ਇੰਡੀਆ ’ਚ ਆਪਣੀ ਪੂਰੀ ਹਿੱਸੇਦਾਰੀ ਵੇਚਣ ਲਈ ਬੋਲੀ ਪ੍ਰਕਿਰਿਆ ਸ਼ੁਰੂ ਕਰਦੇ ਹੋਏ ਰੁਚੀ ਪੱਤਰ ਮੰਗੇ ਹਨ। ਇਸ ਦੇ ਨਾਲ ਹੀ ਏਅਰ ਇੰਡੀਆ ਦੀ ਪੂਰਨ ਮਲਕੀਅਤ ਵਾਲੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਐਕਸਪ੍ਰੈੱਸ ਦੀ ਵੀ ਪੂਰੀ ਹਿੱਸੇਦਾਰੀ ਵੇਚੀ ਜਾਵੇਗੀ। ਇਨ੍ਹਾਂ ਤੋਂ ਇਲਾਵਾ ਏਅਰਪੋਰਟ ਸੇਵਾ ਪ੍ਰਦਾਤਾ ਕੰਪਨੀ ਏਅਰ ਇੰਡੀਆ ਸੈੱਟਸ ’ਚ ਏਅਰ ਇੰਡੀਆ ਦੀ ਪੂਰੀ 50 ਫੀਸਦੀ ਹਿੱਸੇਦਾਰੀ ਵੀ ਵਿਨਿਵੇਸ਼ ਦਾ ਹਿੱਸਾ ਹੈ।

ਘਾਟੇ ’ਚ ਚੱਲ ਰਹੀ ਸਪਾਈਸਜੈੱਟ ਵੀ ਲਾ ਸਕਦੀ ਹੈ ਬੋਲੀ
ਏਅਰ ਇੰਡੀਆ ਦੀ ਬੋਲੀ ਪ੍ਰਕਿਰਿਆ ਸ਼ੁਰੂ ਕਰਨ ਲਈ ਸਰਕਾਰ ਵੱਲੋਂ ਜਾਰੀ ਮੁੱਢਲੇ ਸੂਚਨਾ ਦਸਤਾਵੇਜ਼ ’ਚ ਬੋਲੀ ਲਾਉਣ ਵਾਲੇ ਦੀ ਨੈੱਟਵਰਥ 3500 ਕਰੋਡ਼ ਰੁਪਏ ਜਾਂ ਇਸ ਤੋਂ ਜ਼ਿਆਦਾ ਹੋਣ ਦੀ ਸ਼ਰਤ ਰੱਖੀ ਗਈ ਹੈ ਪਰ ਜੇਕਰ ਕੋਈ ਆਪ੍ਰੇਟਰ ਦੇਸ਼ ’ਚ ਨਿਯਮਿਤ ਕਮਰਸ਼ੀਅਲ ਉਡਾਣ ਸੇਵਾ ਦੇ ਰਿਹਾ ਹੈ ਤਾਂ ਉਹ ਕੰਸੋਟਰੀਅਮ ਬਣਾ ਕੇ ਬੋਲੀ ਲਾ ਸਕਦਾ ਹੈ ਅਤੇ ਕੰਸੋਟਰੀਅਮ ਦਾ ਮੁੱਖ ਮੈਂਬਰ ਵੀ ਹੋ ਸਕਦਾ ਹੈ। ਹਾਲਾਂਕਿ ਕੰਸੋਟਰੀਅਮ ਦੇ ਹੋਰ ਮੈਂਬਰਾਂ ਅਤੇ ਸਾਰੇ ਮੈਂਬਰਾਂ ਦੀ ਇਕਾਈ ਕੰਪਨੀਆਂ ਦਾ ਸਾਂਝਾ ਨੈੱਟਵਰਥ 3500 ਕਰੋਡ਼ ਰੁਪਏ ਜਾਂ ਉਸ ਤੋਂ ਜ਼ਿਆਦਾ ਹੋਣਾ ਲਾਜ਼ਮੀ ਹੋਵੇਗਾ। ਇਸ ਵਿਵਸਥਾ ਕਾਰਣ ਗੋਏਅਰ, ਸਪਾਈਸਜੈੱਟ, ਇੰਡੀਗੋ, ਵਿਸਤਾਰਾ, ਏਅਰ ਏਸ਼ੀਆ ਇੰਡੀਆ ਤੇ ਟਰੂਜੈੱਟ ਵਰਗੀ ਕੋਈ ਵੀ ਕੰਪਨੀ ਬੋਲੀ ਲਾ ਸਕਦੀ ਹੈ। ਸਪਾਈਸਜੈੱਟ ਦੀ ਸਾਲਾਨਾ ਰਿਪੋਰਟ ਅਨੁਸਾਰ 31 ਮਾਰਚ 2019 ਨੂੰ ਉਸ ਦਾ ਨੈੱਟਵਰਥ 350.69 ਕਰੋਡ਼ ਰੁਪਏ ਨਾਂਹ-ਪੱਖੀ ਸੀ। ਇਸ ਦੇ ਬਾਵਜੂਦ ਉਹ ਕੰਸੋਟਰੀਅਮ ਬਣਾ ਕੇ ਏਅਰ ਇੰਡੀਆ ਲਈ ਬੋਲੀ ਲਾ ਸਕਦੀ ਹੈ।

ਭਾਰਤ ’ਚ ਨਿਯਮਿਤ ਜਹਾਜ਼ ਸੇਵਾ ਦੇਣ ਵਾਲੀਆਂ ਕੰਪਨੀਆਂ ਨੂੰ ਛੋਟ
ਏਅਰ ਇੰਡੀਆ ਦੇ ਵਿਨਿਵੇਸ਼ ਲਈ ਜਾਰੀ ਮੁੱਢਲੇ ਸੂਚਨਾ ਦਸਤਾਵੇਜ਼ ’ਚ ਇਹ ਸ਼ਰਤ ਰੱਖੀ ਗਈ ਹੈ ਕਿ ਕੰਸੋਟਰੀਅਮ ’ਚ ਬੋਲੀ ਲਾਉਣ ਵਾਲੇ ਹਰ ਮੈਂਬਰ ਦਾ ਵੱਖ-ਵੱਖ ਨੈੱਟਵਰਥ ਘੱਟ ਤੋਂ ਘੱਟ 350 ਕਰੋਡ਼ ਰੁਪਏ ਹੋਣਾ ਚਾਹੀਦਾ ਹੈ। ਭਾਰਤ ’ਚ ਨਿਯਮਿਤ ਜਹਾਜ਼ ਸੇਵਾ ਦੇਣ ਵਾਲੀਆਂ ਕੰਪਨੀਆਂ ਨੂੰ ਇਸ ਸ਼ਰਤ ਤੋਂ ਵੀ ਛੋਟ ਦਿੱਤੀ ਗਈ ਹੈ। ਨਾਲ ਹੀ ਇਹ ਸ਼ਰਤ ਵੀ ਹੈ ਕਿ ਕੰਸੋਟਰੀਅਮ ਦਾ ਮੁੱਖ ਮੈਂਬਰ ਉਹੀ ਕੰਪਨੀ ਬਣ ਸਕਦੀ ਹੈ, ਜਿਸ ਦੀ ਕੰਸੋਟਰੀਅਮ ’ਚ ਘੱਟ ਤੋਂ ਘੱਟ 26 ਫੀਸਦੀ ਹਿੱਸੇਦਾਰੀ ਹੋਵੇ।

17 ਮਾਰਚ ਤੱਕ ਦਾਖਲ ਕਰ ਸਕਦੇ ਹਨ ਰੁਚੀ ਪੱਤਰ
ਮੁੱਢਲਾ ਸੂਚਨਾ ਦਸਤਾਵੇਜ਼ 27 ਜਨਵਰੀ ਨੂੰ ਜਾਰੀ ਕੀਤਾ ਗਿਆ ਸੀ। ਸੰਭਾਵਿਕ ਬੋਲੀਦਾਤਿਆਂ ਨੂੰ ਉਨ੍ਹਾਂ ਦੇ ਸ਼ੱਕ ਅਤੇ ਸਵਾਲ ਪੁੱਛਣ ਲਈ 11 ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ। ਸਰਕਾਰ 25 ਫਰਵਰੀ ਤੱਕ ਇਸ ’ਤੇ ਆਪਣੇ ਜਵਾਬ ਦੇਵੇਗੀ। ਰੁਚੀ ਪੱਤਰ ਦਾਖਲ ਕਰਨ ਦੀ ਅੰਤਿਮ ਤਰੀਕ 17 ਮਾਰਚ ਹੈ। ਇਸ ਦੇ ਆਧਾਰ ’ਤੇ 31 ਮਾਰਚ ਤੱਕ ਯੋਗ ਬੋਲੀਦਾਤਿਆਂ ਦੀ ਚੋਣ ਕਰ ਕੇ ਉਨ੍ਹਾਂ ਤੋਂ ਵਿੱਤੀ ਟੈਂਡਰਾਂ ਦੀ ਮੰਗ ਕੀਤੀ ਜਾਵੇਗੀ।


Karan Kumar

Content Editor

Related News