ਇਲਾਜ ''ਚ ਵਰਤੀ ਲਾਪ੍ਰਵਾਹੀ, ਹਸਪਤਾਲ ਨੂੰ ਦੇਣਾ ਪਵੇਗਾ ਮੁਆਵਜ਼ਾ

05/28/2017 8:25:56 AM

ਕਾਂਗੜਾ— ਜ਼ਿਲਾ ਖਪਤਕਾਰ ਅਦਾਲਤ ਨੇ ਕਾਂਗੜਾ ਦੇ ਇਕ ਨਾਮੀ ਹਸਪਤਾਲ ਵੱਲੋਂ ਮਰੀਜ਼ ਦੇ ਇਲਾਜ 'ਚ ਵਰਤੀ ਗਈ ਲਾਪ੍ਰਵਾਹੀ ਦੇ ਮਾਮਲੇ 'ਚ ਹਸਪਤਾਲ ਪ੍ਰਬੰਧਨ 'ਤੇ ਜੁਰਮਾਨਾ ਠੋਕਿਆ ਹੈ। ਕਾਂਗੜਾ ਜ਼ਿਲਾ ਕੰਜ਼ਿਊਮਰ ਫੋਰਮ ਦੇ ਪ੍ਰਧਾਨ ਮੁਕੇਸ਼ ਬਾਂਸਲ, ਮੈਂਬਰ ਦਿਨੇਸ਼ ਸ਼ਰਮਾ ਅਤੇ ਸੰਗੀਤਾ ਗੌਤਮ ਨੇ ਖੁੰਡੀਆਂ ਨਿਵਾਸੀ ਪ੍ਰਤਾਪ ਸਿੰਘ ਵੱਲੋਂ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੀ ਧਾਰਾ 12 ਦੇ ਤਹਿਤ ਦਰਜ ਮਾਮਲੇ ਦਾ ਨਿਪਟਾਰਾ ਕਰਦਿਆਂ ਹਸਪਤਾਲ ਪ੍ਰਬੰਧਨ ਨੂੰ ਇਲਾਜ 'ਚ ਲਾਪ੍ਰਵਾਹੀ ਵਰਤਣ ਦਾ ਦੋਸ਼ੀ ਪਾਇਆ ਅਤੇ ਮਰੀਜ਼ ਨੂੰ ਮੁਆਵਜ਼ਾ ਰਾਸ਼ੀ ਦੇਣ ਲਈ ਕਿਹਾ ਹੈ। 
ਇਹ ਹੈ ਮਾਮਲਾ
ਕਾਂਗੜਾ ਜ਼ਿਲੇ ਦੀ ਤਹਿਸੀਲ ਖੁੰਡੀਆਂ ਦੇ ਛਿਲਗਾ ਮਹਾਦੇਵ ਵਾਸੀ ਪ੍ਰਤਾਪ ਸਿੰਘ ਨੂੰ ਇਕ ਜ਼ਹਿਰੀਲੀ ਮੱਖੀ (ਰੰਗੜ) ਨੇ ਕੱਟਿਆ ਤਾਂ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਜਵਾਲਾਮੁਖੀ ਦੇ ਸਰਕਾਰੀ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਟਾਂਡਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਟਾਂਡਾ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਜਾਂਚ 'ਚ ਪਾਇਆ ਕਿ ਪੀੜਤ ਦੀ ਕਿਡਨੀ ਫੇਲ ਹੋ ਚੁੱਕੀ ਸੀ। ਉਥੋਂ ਡਿਸਚਾਰਜ ਹੋਣ ਮਗਰੋਂ ਉਸ ਦੀ ਪਤਨੀ ਉਸ ਨੂੰ ਕਾਂਗੜਾ ਦੇ ਇਕ ਨਾਮੀ ਹਸਪਤਾਲ 'ਚ ਲੈ ਆਈ। ਡਾਕਟਰਾਂ ਨੇ ਮਰੀਜ਼ ਨੂੰ ਨਵਾਂ ਖੂਨ ਚੜ੍ਹਾਉਣ ਦੀ ਸਲਾਹ ਦਿੱਤੀ। ਬਲੱਡ ਸੈਂਪਲ ਲੈਣ ਤੋਂ ਬਾਅਦ ਮਰੀਜ਼ ਨੂੰ ਗਲਤ ਬਲੱਡ ਗਰੁੱਪ ਦਾ ਇਕ ਯੂਨਿਟ ਖੂਨ ਚੜ੍ਹਾ ਦਿੱਤਾ ਗਿਆ। ਇਸ ਗੜਬੜੀ ਦਾ ਪਤਾ ਉਦੋਂ ਲੱਗਾ ਜਦੋਂ ਦੁਬਾਰਾ ਟਾਂਡਾ ਤੋਂ ਖੂਨ ਮੰਗਵਾਇਆ ਗਿਆ। ਕਾਂਗੜਾ ਬਲੱਡ ਬੈਂਕ ਨੇ ਇਹ ਗਲਤੀ ਫੜ ਲਈ, ਜਿਸ ਤੋਂ ਬਾਅਦ ਮਰੀਜ਼ ਨੂੰ ਤੁਰੰਤ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੀ. ਜੀ. ਆਈ. 'ਚ ਆਰ. ਪੀ. ਆਰ. ਐੱਫ. ਟੈਸਟ ਤੋਂ ਬਾਅਦ ਗਲਤ ਖੂਨ ਚੜ੍ਹਨ ਨਾਲ ਮਰੀਜ਼ ਦੀ ਹਾਲਤ ਵਿਗੜਦੀ ਚਲੀ ਗਈ।
ਮਾਮਲੇ ਦਾ ਪਤਾ ਲੱਗਣ ਤੋਂ ਬਾਅਦ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਦੇਹਰਾ ਦੇ ਸਭ-ਜੱਜ ਦੀ ਅਦਾਲਤ 'ਚ ਮਰੀਜ਼ ਦੇ ਇਲਾਜ 'ਚ ਲਾਪ੍ਰਵਾਹੀ ਵਰਤਣ ਲਈ ਕਾਂਗੜਾ ਦੇ ਪ੍ਰਾਈਵੇਟ ਹਸਪਤਾਲ ਦੇ ਖਿਲਾਫ ਮਾਮਲਾ ਦਰਜ ਕਰਵਾਇਆ, ਜਿੱਥੋਂ ਮਾਮਲਾ ਖਪਤਕਾਰ ਅਦਾਲਤ 'ਚ ਆ ਗਿਆ।
ਇਹ ਹੋਇਆ ਫੈਸਲਾ 


ਖਪਤਕਾਰ ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਦੋਵਾਂ ਹਸਪਤਾਲਾਂ 'ਚ ਹੋਏ ਮਰੀਜ਼ ਦੇ ਇਲਾਜ ਦਾ ਰਿਕਾਰਡ ਮੰਗਵਾਇਆ ਅਤੇ ਪੀ. ਜੀ. ਆਈ. ਚੰਡੀਗੜ੍ਹ ਦੇ ਮੈਡੀਕਲ ਐਕਸਪਰਟਸ ਤੋਂ ਸੁਝਾਅ ਲਿਆ। ਨੈਸ਼ਨਲ ਕੰਜ਼ਿਊਮਰ ਫੋਰਮ ਨੇ ਕਾਂਗੜਾ ਦੇ ਨਿੱਜੀ ਹਸਪਤਾਲ ਨੂੰ ਇਲਾਜ 'ਚ ਲਾਪ੍ਰਵਾਹੀ ਵਰਤਣ ਦਾ ਦੋਸ਼ੀ ਪਾਇਆ। ਇਸ ਮਾਮਲੇ 'ਚ ਅਦਾਲਤ ਨੇ ਕਾਂਗੜਾ ਦੇ ਹਸਪਤਾਲ ਨੂੰ ਮਰੀਜ਼ ਨੂੰ ਇਕ ਲੱਖ ਰੁਪਏ ਮੁਆਵਜ਼ਾ ਰਾਸ਼ੀ 9 ਫ਼ੀਸਦੀ ਵਿਆਜ ਸਮੇਤ ਦੇਣ ਦਾ ਹੁਕਮ ਦਿੱਤਾ ਹੈ।