ਕਿਸਾਨਾਂ ਨੂੰ ਹੋਵੇਗਾ ਫਾਇਦਾ, ਖੁੱਲ੍ਹੇਗਾ ''ਦਾਲਾਂ'' ਦਾ ਵਾਇਦਾ ਕਾਰੋਬਾਰ

11/22/2017 10:59:52 AM

ਮੁੰਬਈ— ਦਾਲਾਂ ਦੀ ਬਰਾਮਦ (ਐਕਸਪੋਰਟ) ਤੋਂ ਪਾਬੰਦੀ ਹਟਾਉਣ ਦੇ ਨਾਲ ਹੀ ਵਾਇਦਾ ਕਾਰੋਬਾਰ ਨੂੰ ਮਨਜ਼ੂਰੀ ਮਿਲਣ ਦੀਆਂ ਸੰਭਾਵਨਾ ਵਧ ਗਈਆਂ ਹਨ। ਐੱਨ. ਸੀ. ਡੀ. ਈ. ਐਕਸ. ਚਨਾ ਵਾਇਦਾ ਕਾਰੋਬਾਰ ਦੀ ਤਰ੍ਹਾਂ ਅਰਹਰ ਅਤੇ ਮਾਂਹ ਵਾਇਦਾ ਵੀ ਸ਼ੁਰੂ ਕਰਨਾ ਦੀ ਮਨਜ਼ੂਰੀ ਚਾਹੁੰਦਾ ਹੈ। ਇਹ ਐਕਸਚੇਂਜ ਅਰਹਰ ਅਤੇ ਮਾਂਹ ਵਾਇਦਾ ਸੌਦਿਆਂ ਲਈ ਪੂਰੀ ਤਰ੍ਹਾਂ ਤਿਆਰ ਵੀ ਹੈ। ਐਕਸਚੇਂਜ ਵੱਲੋਂ ਲਗਾਤਾਰ ਹੋ ਰਹੀ ਮੰਗ ਅਤੇ ਅਤੇ ਪੇਸ਼ ਕੀਤੇ ਜਾ ਰਹੇ ਅੰਕੜਿਆਂ ਨੂੰ ਦੇਖਦੇ ਹੋਏ ਸਕਿਓਰਿਟੀ ਐਕਸਚੇਂਜ ਬੋਰਡ (ਸੇਬੀ) ਇਸ ਮੁੱਦੇ 'ਤੇ ਵਿਚਾਰ ਕਰ ਰਿਹਾ ਹੈ। ਸਰਕਾਰ ਵੱਲੋਂ ਕਾਰੋਬਾਰ ਨੂੰ ਮਿਲ ਰਹੇ ਉਤਸ਼ਾਹ ਨੂੰ ਦੇਖਦੇ ਹੋਏ ਜਾਣਕਾਰਾਂ ਦਾ ਮੰਨਣਾ ਹੈ ਕਿ ਜਨਵਰੀ ਤਕ ਵਾਇਦਾ ਕਾਰੋਬਾਰ ਨੂੰ ਹਰੀ ਝੰਡੀ ਮਿਲ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਨੂੰ ਆਪਣੀ ਫਸਲ ਦਾ ਸਹੀ ਮੁੱਲ ਸਕੇ ਇਸ ਮਕਸਦ ਨਾਲ ਸਰਕਾਰ ਨੇ ਸਾਰੇ ਤਰ੍ਹਾਂ ਦੀਆਂ ਦਾਲਾਂ ਦੀ ਬਰਾਮਦ 'ਤੇ ਰੋਕ ਹਟਾ ਦਿੱਤੀ ਹੈ। ਤਕਰੀਬਨ ਇਕ ਦਹਾਕੇ ਬਾਅਦ ਦਾਲਾਂ ਦੀ ਬਰਾਮਦ ਦੇ ਦਰਵਾਜ਼ੇ ਖੋਲ੍ਹਣ ਨੂੰ ਮਨਜ਼ੂਰੀ ਮਿਲੀ ਹੈ, ਜਿਸ ਨੂੰ ਦੇਖਦੇ ਹੋਏ ਵਾਇਦਾ ਕਾਰੋਬਾਰਾਂ 'ਚ ਵੀ ਆਪਣੀ ਮੰਗ ਪੂਰੀ ਹੋਣ ਦੀ ਉਮੀਦ ਜਾਗੀ ਹੈ।
ਪਿਛਲੇ ਇਕ ਦਹਾਕੇ ਤੋਂ ਅਰਹਰ ਅਤੇ ਮਾਂਹ ਦੇ ਵਾਇਦਾ ਕਾਰੋਬਾਰ 'ਤੇ ਰੋਕ ਲੱਗੀ ਹੋਈ ਹੈ। ਬਾਜ਼ਾਰ 'ਚ ਕੀਮਤਾਂ ਵਧਾਉਣ ਦਾ ਦੋਸ਼ ਲਾ ਕੇ 23 ਜਨਵਰੀ 2007 ਨੂੰ ਅਰਹਰ ਅਤੇ ਮਾਂਹ ਦੇ ਵਾਇਦਾ ਸੌਦੇ ਬੰਦ ਕਰ ਦਿੱਤੇ ਗਏ ਸਨ। ਇਸ ਤੋਂ ਬਾਅਦ 18 ਦਸੰਬਰ 2009 ਨੂੰ ਮਸਰ ਵਾਇਦਾ 'ਤੇ ਵੀ ਰੋਕ ਲਾ ਦਿੱਤੀ ਗਈ ਸੀ। ਉੱਥੇ ਹੀ ਚਨਾ ਦੇ ਵਾਇਦਾ ਕਾਰੋਬਾਰ 'ਤੇ ਵੀ 4 ਦਸੰਬਰ 2008 'ਚ ਰੋਕ ਲਾ ਦਿੱਤੀ ਗਈ ਸੀ, ਜਿਸ ਨੂੰ 28 ਜੁਲਾਈ 2016 ਨੂੰ ਦੁਬਾਰਾ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ। ਐੱਨ. ਸੀ. ਡੀ. ਈ. ਐਕਸ. ਐਕਸਚੇਂਜ ਲਗਾਤਾਰ ਮੰਗ ਕਰਦਾ ਆ ਰਿਹਾ ਹੈ ਕਿ ਅਰਹਰ ਅਤੇ ਮਾਂਹ ਦਾ ਵਾਇਦਾ ਕਾਰੋਬਾਰ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ।

ਦਾਲਾਂ ਦੀ ਕੀਮਤ ਦਾ ਮਿਲੇਗਾ ਸਹੀ ਸੰਕੇਤ
ਐੱਨ. ਸੀ. ਡੀ. ਈ. ਐਕਸ. ਐਕਸਚੇਂਜ ਦੇ ਪ੍ਰਬੰਧਕ ਨਿਰਦੇਸ਼ਕ ਸਮੀਰ ਸ਼ਾਹ ਨੇ ਕਿਹਾ ਕਿ ਚਨਾ ਵਾਇਦਾ ਕਾਰੋਬਾਰ ਨਾਲ ਕਿਸਾਨਾਂ ਅਤੇ ਉਦਯੋਗ ਨੂੰ ਸਹੀ ਕੀਮਤਾਂ ਦੀ ਜਾਣਕਾਰੀ ਮਿਲ ਰਹੀ ਹੈ। ਬਾਜ਼ਾਰ ਦੇ ਉਤਰਾਅ-ਚੜ੍ਹਾਅ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਚਨਾ ਵਾਇਦਾ ਦੀ ਤਰ੍ਹਾਂ ਅਰਹਰ ਅਤੇ ਮਾਂਹ ਵਾਇਦਾ ਵੀ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਲੱਖਾਂ ਕਿਸਾਨਾਂ ਨੂੰ ਆਪਣੀ ਫਸਲ ਦੇ ਮੁੱਲ ਦਾ ਸਹੀ ਸੰਕੇਤ ਮਿਲੇਗਾ ਅਤੇ ਉਨ੍ਹਾਂ ਦੀਆਂ ਕੀਮਤਾਂ 'ਚ ਸੁਧਾਰ ਵੀ ਹੋਵੇਗਾ। ਉੱਥੇ ਹੀ ਸੇਬੀ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਦਾਲਾਂ ਦੀ ਬਰਾਮਦ ਚਾਲੂ ਕੀਤੇ ਜਾਣ ਤੋਂ ਬਾਅਦ ਅਰਹਰ ਅਤੇ ਮਾਂਹ ਦਾ ਵਾਇਦਾ ਕਾਰੋਬਾਰ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸੇਬੀ ਇਸ ਮੁੱਦੇ 'ਤੇ ਵਿਚਾਰ ਕਰ ਰਿਹਾ ਹੈ ਅਤੇ ਸਹੀ ਸਮੇਂ 'ਤੇ ਫੈਸਲਾ ਲਿਆ ਜਾਵੇਗਾ। 
ਜ਼ਿਕਰਯੋਗ ਹੈ ਕਿ ਦੇਸ਼ 'ਚ ਦਾਲਾਂ ਦਾ ਉਤਪਾਦਨ ਸਾਲ 2016-17 'ਚ 229.5 ਲੱਖ ਟਨ ਹੋਇਆ ਹੈ, ਜਿਸ 'ਚ 93 ਲੱਖ ਟਨ ਚਨਾ, 48 ਲੱਖ ਟਨ ਅਰਹਰ, 28 ਲੱਖ ਟਨ ਮਾਂਹ ਸ਼ਾਮਲ ਹਨ। ਹੁਣ ਤਕ ਇਹ ਸਭ ਤੋਂ ਵਧ ਉਤਪਾਦਨ ਹੈ। ਇਸ ਸਾਲ ਸਰਕਾਰ ਨੇ ਕਿਸਾਨਾਂ ਕੋਲੋਂ ਸਿੱਧੇ 20 ਲੱਖ ਟਨ ਦਾਲਾਂ ਦੀ ਖਰੀਦ ਕੀਤੀ ਹੈ। ਇਹ ਦਾਲਾਂ ਦੀ ਸਭ ਤੋਂ ਵੱਡੀ ਖਰੀਦ ਹੈ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਰਹੀ ਹੈ ਕਿ ਸੇਬੀ ਜਲਦ ਹੀ ਅਰਹਰ ਅਤੇ ਮਾਂਹ ਵਾਇਦਾ ਨੂੰ ਮਨਜ਼ੂਰੀ ਦੇ ਸਕਦਾ ਹੈ, ਜਿਸ ਨਾਲ ਕਿਸਾਨਾਂ ਨੂੰ ਕੀਮਤਾਂ ਦਾ ਸਹੀ ਸੰਕੇਤ ਮਿਲ ਸਕੇ।