ਮੁੰਬਈ ਹਵਾਈ ਅੱਡੇ ਨੇ ਬਣਾਇਆ 1007 ਉਡਾਣਾਂ ਦੀ ਆਵਾਜਾਈ ਦਾ ਨਵਾਂ ਰਿਕਾਰਡ

12/09/2018 10:53:53 PM

ਮੁੰਬਈ— ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ (ਸੀ. ਐੱਸ. ਐੱਮ. ਆਈ. ਏ.) ਨੇ ਸ਼ਨੀਵਾਰ ਨੂੰ ਵੱਡੀ ਗਿਣਤੀ ਵਿਚ ਜਹਾਜ਼ਾਂ ਦੀ ਆਵਾਜਾਈ ਦੇ ਪ੍ਰਬੰਧ ਦੇ ਮਾਮਲੇ ਵਿਚ ਇਕ ਹੋਰ ਪ੍ਰਾਪਤੀ ਆਪਣੇ ਨਾਂ ਦਰਜ ਕੀਤੀ ਅਤੇ ਇਕ ਦਿਨ ਵਿਚ 1007 ਉਡਾਣਾਂ ਦੀ ਆਵਾਜਾਈ ਸੰਭਾਲਣ ਦਾ ਨਵਾਂ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਇਸ ਸਾਲ ਜੂਨ ਵਿਚ ਇਸ ਹਵਾਈ ਅੱਡੇ 'ਤੇ 24 ਘੰਟਿਆਂ ਵਿਚ 1003 ਵਾਰ ਜਹਾਜ਼ਾਂ ਦੇ ਡਿਪਾਰਚਰ-ਅਰਾਈਵਲ ਦਾ ਰਿਕਾਰਡ ਬਣਿਆ ਸੀ ।
ਸੂਤਰਾਂ ਨੇ ਕਿਹਾ ਕਿ ਪ੍ਰਮੁੱਖ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦੀ ਰਾਜਸਥਾਨ ਦੇ ਉਦੈਪੁਰ ਵਿਚ ਵਿਆਹ ਤੋਂ ਪਹਿਲਾਂ ਹੋ ਰਹੇ ਪ੍ਰੋਗਰਾਮਾਂ ਵਿਚ ਵਿਸ਼ੇਸ਼/ਚਾਰਟਰਡ ਜਹਾਜ਼ਾਂ ਰਾਹੀਂ ਆਉਣ-ਜਾਣ ਵਾਲਿਆਂ ਕਾਰਨ ਮੁੰਬਈ ਹਵਾਈ ਅੱਡੇ 'ਤੇ ਰੁਝੇਵੇਂ ਵਧ ਗਏ ਹਨ । ਉਨ੍ਹਾਂ ਕਿਹਾ ਕਿ ਮੁੰਬਈ ਤੋਂ ਕਈ ਰਾਜਨੇਤਾ, ਉਦਯੋਗਪਤੀ ਅਤੇ ਬਾਲੀਵੁੱਡ ਹਸਤੀਆਂ ਸਮਾਰੋਹ ਵਿਚ ਸ਼ਿਰਕਤ ਕਰਨ ਲਈ ਨਿੱਜੀ ਜਹਾਜ਼ਾਂ ਰਾਹੀਂ ਪੁੱਜੇ ਹਨ । ਮੁੰਬਈ ਕੌਮਾਂਤਰੀ ਹਵਾਈ ਅੱਡਾ ਲਿਮਟਿਡ (ਮਾਇਲ) ਦੇ ਬੁਲਾਰੇ ਨੇ ਸ਼ਨੀਵਾਰ ਨੂੰ 1007 ਜਹਾਜ਼ਾਂ ਦੀ ਆਵਾਜਾਈ ਦੀ ਪੁਸ਼ਟੀ ਕੀਤੀ ਹੈ ।