ਮੁਕੇਸ਼ ਅੰਬਾਨੀ ਦੇ ਸ਼ੁਰੂ ਕੀਤੀ ''ਦੇਸ਼ ਦੀ ਨਵੀਂ ਦੁਕਾਨ'', Amazon-Flipkart ਨੂੰ ਮਿਲੇਗੀ ਟੱਕਰ

12/31/2019 5:10:34 PM

ਮੁੰਬਈ — ਭਾਰਤ ਵਿਚ ਆਨਲਾਈਨ ਖਰੀਦਾਦਾਰੀ ਦਾ ਟ੍ਰੇਂਡ ਤੇਜ਼ੀ ਨਾਲ ਵਧ ਰਿਹਾ ਹੈ। ਲੋਕ ਵਿਦੇਸ਼ ਦੀਆਂ ਈ-ਕਾਮਰਸ ਕੰਪਨੀਆਂ ਫਲਿੱਪਕਾਰਟ ਅਤੇ ਐਮਾਜ਼ੋਨ ਪਲੇਟਫਾਰਮ 'ਤੇ ਵੱਡੀ ਮਾਤਰਾ 'ਚ ਸ਼ਾਪਿੰਗ ਕਰ ਰਹੇ ਹਨ। ਪਰ ਸਾਲ 2020 'ਚ ਇਨ੍ਹਾਂ ਦਿੱਗਜ ਕੰਪਨੀਆਂ ਨੂੰ ਚੁਣੌਤੀ ਦੇਣ ਲਈ ਦੇਸ਼ ਦੇ ਇਕ ਮਸ਼ਹੂਰ ਕੰਪਨੀ ਅੱਗੇ ਆਈ ਹੈ। ਉਹ ਹੈ ਭਾਰਤ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਮਾਲਕੀ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਰਿਲਾਇੰਸ ਰਿਟੇਲ ਲਿਮਟਿਡ, ਇਸ ਕੰਪਨੀ ਨੇ 'ਜੀਓ ਮਾਰਟ' ਦੀ ਸ਼ੁਰੂਆਤ ਕਰ ਦਿੱਤੀ ਹੈ। ਜੀਓ ਮਾਰਟ 'ਚ ਰਜਿਸਟ੍ਰੇਸ਼ਨ ਲਈ ਕੰਪਨੀ ਨੇ ਜੀਓ ਟੈਲੀਕਾਮ ਯੂਜ਼ਰਜ਼ ਨੂੰ ਸੱਦਾ ਵੀ ਭੇਜਣਾ ਸ਼ੁਰੂ ਕਰ ਦਿੱਤਾ ਹੈ। ਜੀਓ ਮਾਰਟ ਨੂੰ ਕੰਪਨੀ ਨੇ 'ਦੇਸ਼ ਦੀ ਨਵੀਂ ਦੁਕਾਨ' ਕਿਹਾ ਹੈ। ਇਸ ਦੀ ਸ਼ੁਰੂਆਤ ਮੁੰਬਈ ਦੀ ਨਵੀਂ ਮੁੰਬਈ, ਠਾਣੇ ਅਤੇ ਕਲਿਆਣ ਤੋਂ ਹੋਵੇਗੀ।

ਜਲਦੀ ਲਾਂਚ ਹੋਵੇਗਾ ਜੀਓ ਮਾਰਟ ਐਪ

ਰਿਲਾਇੰਸ ਰਿਟੇਲ ਨੇ ਅਧਿਕਾਰਕ ਰੂਪ ਨਾਲ ਇਸ ਦੀ ਲਾਂਚਿੰਗ ਦਾ ਐਲਾਨ ਕਰ ਦਿੱਤਾ ਹੈ ਅਤੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਸ ਦਾ ਵਿਸਥਾਰ ਕੀਤਾ ਜਾਵੇਗਾ। ਇਸ ਮਾਮਲੇ 'ਚ ਇਕ ਅਧਿਕਾਰੀ ਨੇ ਦੱਸਿਆ ਕਿ, 'ਅਸੀਂ ਜੀਓ ਮਾਰਟ ਨੂੰ ਲਾਂਚ ਕਰ ਦਿੱਤਾ ਹੈ। ਇਸ ਲਈ ਜੀਓ ਯੂਜ਼ਰਜ਼ ਨੂੰ ਛੋਟ ਲਈ ਰਜਿਸਟਰਡ ਕਰਨ ਲਈ ਸੱਦਾ ਵੀ ਦਿੱਤਾ ਗਿਆ ਹੈ। ਮੌਜੂਦਾ ਸਮੇਂ 'ਚ ਇਹ ਤਿੰਨ ਥਾਵਾਂ 'ਤੇ ਹੀ ਉਪਲੱਬਧ ਹੈ ਪਰ ਜਲਦੀ ਦੀ ਇਸ ਦੇ ਨੈੱਟਵਰਕ ਦਾ ਵਿਸਥਾਰ ਕੀਤਾ ਜਾਵੇਗਾ। ਜੀਓ ਮਾਰਟ ਐਪ ਵੀ ਜਲਦ ਹੀ ਲਾਂਚ ਕੀਤੀ ਜਾਵੇਗੀ।'

ਕੰਪਨੀ ਦੀ ਯੋਜਨਾ

ਇਸ ਤੋਂ ਪਹਿਲਾਂ 12 ਅਗਸਤ ਨੂੰ ਹੋਈ AGM 'ਚ ਮੁਕੇਸ਼ ਅੰਬਾਨੀ ਨੇ ਕਿਹਾ ਸੀ ਕਿ ਰਿਲਾਇੰਸ ਜਲਦ ਹੀ ਕਰਿਆਨਾ ਬਜ਼ਾਰ ਦਾ ਟ੍ਰੇਂਡ ਬਦਲ ਦੇਵੇਗੀ। ਰਿਲਾਇੰਸ ਦੀ ਯੋਜਨਾ ਹੈ ਕਿ ਦੇਸ਼ 'ਚ ਦੁਨੀਆ ਦਾ ਸਭ ਤੋਂ ਵੱਡਾ ਆਨਲਾਈਨ-ਟੂ-ਆਫਲਾਈਨ ਈ-ਕਾਮਰਸ ਬਜ਼ਾਰ ਬਣਾਇਆ ਜਾਵੇ। ਰਿਲਾਇੰਸ ਨੇ ਇਸ ਨੂੰ ਨਿਊ ਕਾਮਰਸ ਦਾ ਨਾਂ ਦਿੱਤਾ ਹੈ। ਰਿਲਾਇੰਸ ਦੇ ਨਵੇਂ ਰਿਟੇਲ ਪਲਾਨ ਦੇ ਤਹਿਤ ਹਾਈ ਸਪੀਡ ਡਿਜੀਟਲ ਪਲੇਟਫਾਰਮ ਨੂੰ ਕਰਿਆਨਾ ਸਟੋਰ ਨਾਲ ਜੋੜਿਆ ਜਾਵੇਗਾ, ਜਿਸਦਾ ਇਸਤੇਮਾਲ ਗਾਹਕਾਂ ਨੂੰ ਆਰਡਰ ਸਪਲਾਈ ਲਈ ਵੀ ਕੀਤਾ ਜਾ ਸਕੇਗਾ।