ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੇ ਪਰਿਵਾਰ ਨੇ RIL ''ਚ ਵਧਾਈ ਹਿੱਸੇਦਾਰੀ, ਸ਼ੇਅਰ 4 ਫੀਸਦੀ ਚੜ੍ਹਿਆ

03/20/2020 5:03:45 PM

ਨਵੀਂ ਦਿੱਲੀ — ਦਿੱਗਜ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਸੁਰਖੀਆਂ 'ਚ ਹੀ ਰਹਿੰਦਾ ਹੈ। ਨਵੀਂ ਖਬਰ ਇਹ ਹੈ ਕਿ ਮੁਕੇਸ਼ , ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚਿਆਂ ਨੇ ਇਕ ਹੋਰ ਪ੍ਰਮੋਟਰ ਦੀ ਕੰਪਨੀ ਦੇ ਕੁਝ ਸ਼ੇਅਰ ਖਰੀਦ ਕੇ ਰਿਲਾਇੰਸ ਇੰਡਸਟਰੀ ਵਿਚ ਆਪਣੀ ਹਿੱਸੇਦਾਰੀ ਵਧਾ ਲਈ ਹੈ ਜਿਸ ਦਾ ਅਸਰ ਕੰਪਨੀ ਦੇ ਸ਼ੇਅਰਾਂ 'ਤੇ ਦਿਖਾਈ ਦੇ ਰਿਹਾ ਹੈ। ਅੱਜ ਦੇ ਟ੍ਰੇਡਿੰਗ ਸੈਸ਼ਨ ਦੇ ਸ਼ੁਰੂਆਤੀ ਘੰਟਿਆਂ 'ਚ ਆਰ.ਆਈ.ਐਲ. ਦੇ ਸ਼ੇਅਰਾਂ ਵਿਚ ਕਰੀਬ 4 ਫੀਸਦੀ ਦੀ ਤੇਜ਼ੀ ਦੇਖੀ ਗਈ ਹੈ। ਸਵੇਰ ਦੇ ਸਮੇਂ RIL  ਦੇ ਸ਼ੇਅਰ 950 ਰੁਪਏ ਦੇ ਆਸਪਾਸ ਟ੍ਰੇਡ ਕਰਦੇ ਦੇਖੇ ਗਏ। 

ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਸੂਚਨਾ ਦਿੱਤੀ ਹੈ ਕਿ ਤੇਲ ਤੋਂ ਲੈ ਕੇ ਟੈਲੀਕਾਮ ਸੈਕਟਰ 'ਚ ਕਾਰੋਬਾਰ ਕਰਨ ਵਾਲੀ ਰਿਲਾਇੰਸ ਇੰਡਸਟਰੀ 'ਚ ਪ੍ਰਮੋਟਰ ਗਰੁੱਪ ਦੀ ਹਿੱਸੇਦਾਰੀ 47.45 'ਤੇ ਬਣੀ ਹੋਈ ਹੈ। ਗਰੁੱਪ ਦੀ ਕੰਪਨੀ ਦੇਵਰਿਸ਼ੀ ਕਮਰਸ਼ਿਅਲ ਐਲ.ਐਲ.ਪੀ. ਨੇ ਆਪਣੀ ਹਿੱਸੇਦਾਰੀ ਅੰਬਾਨੀ ਪਰਿਵਾਰ ਅਤੇ ਹੋਰ ਪ੍ਰਮੋਟਰ ਗਰੁੱਪ ਦੀਆਂ ਦੋ ਕੰਪਨੀਆਂ-ਤੱਤਵਮ ਐਂਟਰਪ੍ਰਾਇਜ਼ਿਜ਼ ਐਲ.ਐਲ.ਪੀ. ਅਤੇ ਸਮਰਜਿਤ ਐਂਟਰਪ੍ਰਾਇਜ਼ਿਜ਼ ਐਲ.ਐਲ.ਪੀ. ਨੂੰ ਵੇਚੀ ਹੈ। ਇਸ ਸੌਦੇ ਦੇ ਬਾਅਦ ਦੇਵਰਿਸ਼ੀ ਕਮਰਸ਼ਿਅਲ ਐਲ.ਐਲ.ਪੀ. ਦੀ ਕੰਪਨੀ 'ਚ ਹਿੱਸੇਦਾਰੀ 11.21 ਫੀਸਦੀ ਤੋਂ ਘੱਟ ਕੇ 8.01 ਫੀਸਦੀ 'ਤੇ ਆ ਗਈ ਹੈ। 

ਇਸ ਡੀਲ ਤੋਂ ਬਾਅਦ ਆਰ.ਆਈ.ਐਲ. ਵਿਚ ਮੁਕੇਸ਼ ਅੰਬਾਨੀ ਦੀ ਹਿੱਸੇਦਾਰੀ 0.11 ਪ੍ਰਤੀਸ਼ਤ (72.31 ਲੱਖ ਸ਼ੇਅਰ) ਤੋਂ ਵਧ ਕੇ 0.12% (75 ਲੱਖ ਸ਼ੇਅਰ) ਹੋ ਗਈ ਹੈ। ਇਸੇ ਤਰ੍ਹਾਂ ਕੰਪਨੀ ਵਿਚ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਦੀ ਹਿੱਸੇਦਾਰੀ 67.96 ਲੱਖ ਸ਼ੇਅਰਾਂ ਤੋਂ ਵਧ ਕੇ 75 ਲੱਖ, ਉਸ ਦੇ ਬੇਟੇ ਆਕਾਸ਼ ਅਤੇ ਈਸ਼ਾ ਦਾ ਹਿੱਸਾ 67.2 ਲੱਖ ਸ਼ੇਅਰ ਤੋਂ ਵਧ ਕੇ 75 ਲੱਖ ਸ਼ੇਅਰ ਹੋ ਗਿਆ ਹੈ। ਤੀਜੇ ਬੱਚੇ ਅਨੰਤ ਦੀ ਹਿੱਸੇਦਾਰੀ 2 ਲੱਖ ਤੋਂ ਵਧ ਕੇ 75 ਲੱਖ ਸ਼ੇਅਰ 'ਤੇ ਪਹੁੰਚ ਗਈ ਹੈ। ਇਹ ਪਹਿਲਾ ਮੌਕਾ ਹੈ ਜਦੋਂ ਮੁਕੇਸ਼, ਪਤਨੀ ਅਤੇ ਬੱਚਿਆਂ ਕੋਲ ਕੰਪਨੀ ਵਿਚ ਬਰਾਬਰ ਦੇ ਸ਼ੇਅਰ ਹੋਣਗੇ।

ਕੰਪਨੀ ਵਿਚ ਤੱਤਵ ਐਂਟਰਪ੍ਰਾਈਜਿਜ਼ ਦੀ ਹਿੱਸੇਦਾਰੀ 6.81 ਪ੍ਰਤੀਸ਼ਤ ਤੋਂ ਵਧ ਕੇ 8.01 ਪ੍ਰਤੀਸ਼ਤ ਹੋ ਗਈ। ਸਮਰਜਿਤ ਐਂਟਰਪ੍ਰਾਈਜਜ਼ ਦੀ ਹਿੱਸੇਦਾਰੀ 200 ਸ਼ੇਅਰਾਂ ਤੋਂ ਵਧ ਕੇ 1.83 ਪ੍ਰਤੀਸ਼ਤ ਤੱਕ ਹੋ ਜਾਵੇਗੀ।  

 ਇਹ ਵੀ ਪੜ੍ਹੋ : ਕੋਰੋਨਾ ਰੋਕਥਾਮ : ਦਿੱਲੀ ਮੈਟਰੋ ਨੇ ਜਾਰੀ ਕੀਤੀਆਂ 8 ਐਡਵਾਇਜ਼ਰੀ, ਖੜ੍ਹੇ ਹੋ ਕੇ ਨਹੀਂ ਕਰ ਸਕੋਗੇ ਸਫਰ

 ਇਹ ਵੀ ਪੜ੍ਹੋ : ਕੋਰੋਨਾ ਦੀ ਰੋਕਥਾਮ ਲਈ BOB ਦੀ ਪਹਿਲ, ਅਗਲੇ ਤਿੰਨ ਮਹੀਨਿਆਂ ਤੱਕ ਮੁਫਤ ਕੀਤੀ ਇਹ ਸਰਵਿਸ

Harinder Kaur

This news is Content Editor Harinder Kaur