ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਮਾਰੂਤੀ ਸੁਜ਼ੂਕੀ ਦਾ ਵੱਡਾ ਤੋਹਫ਼ਾ

10/18/2020 10:46:06 PM

ਨਵੀਂ ਦਿੱਲੀ— ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਮਾਰੂਤੀ ਸੁਜ਼ੂਕੀ ਕਾਰਾਂ 'ਤੇ ਮੌਜੂਦਾ ਸਮੇਂ ਮਿਲ ਰਹੀ ਛੋਟ ਤੋਂ ਇਲਾਵਾ ਸਰਕਾਰੀ ਮੁਲਾਜ਼ਮਾਂ ਨੂੰ 11,000 ਰੁਪਏ ਤੱਕ ਦੀ ਹੋਰ ਵਿਸ਼ੇਸ਼ ਛੋਟ ਮਿਲੇਗੀ।

ਮਾਰੂਤੀ ਸੁਜ਼ੂਕੀ ਨੇ ਸਰਕਾਰੀ ਮੁਲਾਜ਼ਮਾਂ ਲਈ ਐਤਵਾਰ ਨੂੰ ਵਿਸ਼ੇਸ਼ ਪੇਸ਼ਕਸ਼ ਦੀ ਘੋਸ਼ਣਾ ਕੀਤੀ ਹੈ। ਇਸ ਵਿਸ਼ੇਸ਼ ਛੋਟ ਦਾ ਫਾਇਦਾ ਜਨਤਕ ਖੇਤਰ ਦੇ ਕਰਮਚਾਰੀ ਅਤੇ ਉਨ੍ਹਾਂ ਦੇ ਪਤੀ-ਪਤਨੀ, ਪੁਲਸ ਮੁਲਾਜ਼ਮ ਤੇ ਸੁਰੱਖਿਆ ਬਲਾਂ ਸਮੇਤ ਸੂਬਾ ਸਰਕਾਰਾਂ ਦੇ ਵਿਭਾਗ ਲੈ ਸਕਦੇ ਹਨ।

ਕੰਪਨੀ ਨੇ ਕਿਹਾ ਕਿ ਛੋਟ ਮਾਡਲਾਂ ਦੇ ਹਿਸਾਬ ਨਾਲ-ਨਾਲ ਵੱਖ-ਵੱਖ ਹੋਵੇਗੀ। ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਅਤੇ ਸੇਲਜ਼) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ, ''ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਖਪਤਕਾਰ ਮੰਗ ਨੂੰ ਮੁੜ ਸੁਰਜੀਤ ਕਰਨ ਲਈ ਕਈ ਦਲੇਰਾਨਾ ਕਦਮ ਚੁੱਕੇ ਹਨ। ਆਰਥਿਕਤਾ ਨੂੰ ਹੋਰ ਹੁਲਾਰਾ ਦੇਣਾ ਅਤੇ ਹਾਂ-ਪੱਖੀ ਮਾਹੌਲ ਪੈਦਾ ਕਰਨ ਸਾਡਾ ਸਭ ਦਾ ਵੀ ਫਰਜ਼ ਹੈ।''

ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਲਈ ਇਹ ਯੋਜਨਾ ਉਸ ਦੇ ਸਾਰੇ ਯਾਤਰੀ ਵਾਹਨਾਂ ਲਈ ਹੈ, ਜਿਸ 'ਚ ਆਲਟੋ, ਸੇਲੇਰੀਓ, ਐੱਸ-ਪ੍ਰੈਸੋ, ਵੈਗਨ-ਆਰ, ਈਕੋ, ਸਵਿੱਫਟ, ਡਿਜ਼ਾਇਰ, ਇਗਨੀਸ, ਬਲੇਨੋ, ਵਿਟਾਰਾ ਬਰੇਜ਼ਾ, ਅਰਟਿਗਾ, ਐਕਸਐੱਲ-6, ਸਿਆਜ਼ ਅਤੇ ਐੱਸ. ਕਰਾਸ ਸ਼ਾਮਲ ਹਨ, ਜੋ ਐਰੀਨਾ ਅਤੇ ਨੈਕਸਾ ਚੇਨਜ਼ ਤੋਂ ਵੇਚੇ ਜਾਂਦੇ ਹਨ। ਗੌਰਤਲਬ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਹਾਲ ਹੀ 'ਚ ਸਰਕਾਰੀ ਮੁਲਾਜ਼ਮਾਂ ਨੂੰ ਵਾਊਚਰ ਸਕੀਮ ਬਦਲੇ ਨਕਦ ਭੁਗਤਾਨ ਦੇਣ ਅਤੇ ਵਿਸ਼ੇਸ਼ ਤਿਉਹਾਰੀ ਸਕੀਮ ਤਹਿਤ 10,000 ਰੁਪਏ ਦੀ ਅਗਾਊਂ ਰਕਮ ਦੇਣ ਦੀ ਘੋਸ਼ਣਾ ਤੋਂ ਬਾਅਦ ਕਾਰ ਕੰਪਨੀ ਵੀ ਆਪਣੀ ਪੇਸ਼ਕਸ਼ ਨਾਲ ਮੰਗ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Sanjeev

This news is Content Editor Sanjeev