Apple ਨੂੰ ਵੱਡਾ ਝਟਕਾ, ਆਈਫੋਨ 'ਤੇ ਲੱਗ ਗਈ ਪਾਬੰਦੀ!

12/11/2018 3:53:58 PM

ਬੀਜਿੰਗ— ਹੁਣ ਚੀਨ 'ਚ ਆਈਫੋਨ ਦੇ ਕਈ ਮਾਡਲ ਨਹੀਂ ਵਿਕਣਗੇ ਅਤੇ ਨਾ ਹੀ ਦਰਾਮਦ ਹੋਣਗੇ। ਕਵਾਲਕਮ ਨਾਲ ਜਾਰੀ ਵਿਵਾਦ 'ਚ ਐਪਲ ਨੂੰ ਤਗੜਾ ਝਟਕਾ ਲੱਗਾ ਹੈ। ਕਵਾਲਕਮ ਦੇ ਦੋ ਪੇਟੈਂਟਸ ਦੀ ਉਲੰਘਣਾ ਦੇ ਮਾਮਲੇ 'ਚ ਅਦਾਲਤ ਨੇ ਆਈਫੋਨ ਦੇ ਕਈ ਮਾਡਲਾਂ ਦੀ ਵਿਕਰੀ 'ਤੇ ਪਾਬੰਦੀ ਲਾਉਣ ਦਾ ਹੁਕਮ ਦਿੱਤਾ ਹੈ। ਹਾਲਾਂਕਿ ਇਹ ਪਾਬੰਦੀ ਨਵੇਂ ਲਾਂਚ ਹੋਏ ਆਈਫੋਨ ਐਕਸ ਐੱਸ, ਆਈਫੋਨ ਐਕਸ ਐੱਸ ਪਲਸ ਤੇ ਆਈਫੋਨ ਐਕਸ ਆਰ 'ਤੇ ਲਾਗੂ ਨਹੀਂ ਹੋਵੇਗੀ ਕਿਉਂਕਿ ਇਹ ਫੋਨ ਉਦੋਂ ਉਪਲੱਬਧ ਨਹੀਂ ਸਨ ਜਦੋਂ ਕਵਾਲਕਮ ਨੇ ਆਪਣਾ ਮੁਕੱਦਮਾ ਦਾਇਰ ਕੀਤਾ ਸੀ। ਜਾਣਕਾਰੀ ਮੁਤਾਬਕ, ਜਿਹੜੇ ਮਾਡਲਾਂ 'ਤੇ ਪਾਬੰਦੀ ਲੱਗੀ ਹੈ ਉਸ ਨਾਲ ਚੀਨ 'ਚ ਆਈਫੋਨਸ ਦੀ ਵਿਕਰੀ ਤਕਰੀਬਨ 10 ਤੋਂ 15 ਫੀਸਦੀ ਪ੍ਰਭਾਵਿਤ ਹੋ ਸਕਦੀ ਹੈ।

ਕਵਾਲਕਮ ਅਮਰੀਕੀ ਚਿਪ ਨਿਰਮਾਤਾ ਕੰਪਨੀ ਹੈ। ਕਵਾਲਕਮ ਦਾਅਵਾ ਕਰਦੀ ਹੈ ਕਿ ਐਪਲ ਨੇ ਆਈਫੋਨ 6ਐੱਸ, ਆਈਫੋਨ 6ਐੱਸ ਪਲਸ, ਆਈਫੋਨ 7, ਆਈਫੋਨ 7 ਪਲਸ, ਆਈਫੋਨ 8, ਆਈਫੋਨ 8 ਪਲਸ ਅਤੇ ਆਈਫੋਨ 10 'ਚ ਉਸ ਦੇ ਦੋ ਸਾਫਟਵੇਅਰ ਪੇਟੈਂਟਸ ਦੀ ਉਲੰਘਣਾ ਕੀਤੀ ਹੈ। ਇਕ ਪੇਟੈਂਟ ਫੋਨ 'ਚ ਫੋਟੋ ਐਡਿਟ ਤੇ ਰੀਸਾਈਜ਼ ਕਰਨ ਨਾਲ ਸੰਬੰਧਤ ਹੈ ਅਤੇ ਦੂਜਾ ਐਪ ਮੈਨੇਜਮੈਂਟ ਨਾਲ ਸੰਬੰਧਤ ਹੈ।
ਉੱਥੇ ਹੀ ਐਪਲ ਨੇ ਕਵਾਲਕਮ 'ਤੇ ਗੰਦੀ ਚਾਲ ਖੇਡਣ ਦਾ ਦੋਸ਼ ਲਾਇਆ ਹੈ। ਉਸ ਦਾ ਕਹਿਣਾ ਹੈ ਕਿ ਸਾਡੇ ਪ੍ਰਾਡਕਟਸ 'ਤੇ ਪਾਬੰਦੀ ਉਸ ਕੰਪਨੀ ਨੇ ਲਵਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੇ ਗੈਰ-ਕਾਨੂੰਨੀ ਕੰਮ ਦੁਨੀਆ ਭਰ ਦੇ ਰੈਗੂਲੇਟਰਾਂ ਦੀ ਜਾਂਚ ਦੇ ਘੇਰੇ 'ਚ ਹਨ। ਐਪਲ ਨੇ ਸੋਮਵਾਰ ਅਦਾਲਤ 'ਚ ਅਪੀਲ ਦਾਇਰ ਕਰਕੇ ਫੈਸਲੇ 'ਤੇ ਫਿਰ ਤੋਂ ਵਿਚਾਰ ਕਰਨ ਦੀ ਮੰਗ ਕੀਤੀ ਹੈ। ਆਈਫੋਨ ਬਣਾਉਣ ਵਾਲੀ ਦਿੱਗਜ ਕੰਪਨੀ ਅਤੇ ਕਵਾਲਕਮ ਵਿਚਕਾਰ ਇਹ ਜੰਗ ਪਹਿਲੀ ਵਾਰ ਨਹੀਂ ਹੈ। ਇਨ੍ਹਾਂ ਦੋਹਾਂ ਦਿੱਗਜਾਂ ਨੇ ਦੁਨੀਆ ਭਰ ਦੀਆਂ ਅਦਾਲਤਾਂ 'ਚ ਇਕ-ਦੂਜੇ ਨੂੰ ਘੜੀਸਿਆ ਹੋਇਆ ਹੈ। ਸਾਲ 2017 'ਚ ਐਪਲ ਨੇ ਕਵਾਲਕਮ 'ਤੇ 1 ਅਰਬ ਡਾਲਰ ਦਾ ਮੁਕੱਦਮਾ ਠੋਕਿਆ ਸੀ। ਇਸ ਸਾਲ ਜੁਲਾਈ 'ਚ ਕਵਾਲਕਮ ਨੇ ਆਈਫੋਨਸ 'ਚ ਆਪਣਾ ਮਾਡਮ ਦੇਣ ਤੋਂ ਇਨਕਾਰ ਕਰ ਦਿੱਤਾ।