ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ 'ਚ 5 ਲੱਖ ਤੋਂ ਵੱਧ ਲੋਕਾਂ ਨੇ ਨੌਕਰੀ ਗੁਆਈ :  ਰਿਪੋਰਟ

01/20/2022 3:34:50 PM

ਕਾਬੁਲ - ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਨੇ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਅਗਸਤ 2021 ਵਿੱਚ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਵਿੱਚ ਪੰਜ ਲੱਖ ਤੋਂ ਵੱਧ ਲੋਕਾਂ ਦੀ ਨੌਕਰੀ ਚਲੀ ਗਈ ਹੈ।

ਅੰਤਰਰਾਸ਼ਟਰੀ ਲੇਬਰ ਆਰਗੇਨਾਈਜੇਸ਼ਨ (ਆਈ.ਐਲ.ਓ.) ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਅਫਗਾਨਿਸਤਾਨ ਦੀ ਆਰਥਿਕਤਾ ਪੂਰੀ ਤਰ੍ਹਾਂ ਨਾਲ ਢਹਿ ਗਈ ਹੈ। ਸਰਕਾਰੀ ਅਹੁਦਿਆਂ ’ਤੇ ਕੰਮ ਕਰਨ ਵਾਲੀਆਂ ਔਰਤਾਂ ਤੇ ਮੁਲਾਜ਼ਮਾਂ ਤੋਂ ਇਲਾਵਾ ਖੇਤੀਬਾੜੀ, ਸਮਾਜ ਸੇਵਾ ਤੇ ਇਮਾਰਤੀ ਉਸਾਰੀ ਖੇਤਰ ਨਾਲ ਜੁੜੇ ਲੋਕਾਂ ਦੀ ਹਾਲਤ ਸਭ ਤੋਂ ਮਾੜੀ ਹੈ। ILO ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਹੈ ਜੋ ਦੁਨੀਆ ਭਰ ਵਿੱਚ ਲੇਬਰ ਦੇ ਮਿਆਰ ਨੂੰ ਸੁਧਾਰਨ ਲਈ ਕੰਮ ਕਰਦੀ ਹੈ।

ਆਈਐਲਓ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਜਾਂ ਤਾਂ ਆਪਣੀ ਨੌਕਰੀ ਗੁਆ ਚੁੱਕੇ ਹਨ ਜਾਂ ਉਨ੍ਹਾਂ ਨੂੰ ਤਨਖਾਹ ਨਹੀਂ ਮਿਲ ਰਹੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕਈ ਕੰਪਨੀਆਂ ਨੂੰ ਬਚਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਕਿਉਂਕਿ ਵੱਡੀ ਗਿਣਤੀ 'ਚ ਅਫਗਾਨ ਨਾਗਰਿਕ ਰੋਜ਼ਾਨਾ ਦੇਸ਼ ਛੱਡ ਰਹੇ ਹਨ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਦੇਸ਼ ਵਿੱਚ ਲਗਾਤਾਰ ਵੱਧਦੇ ਸੰਕਟ ਦੇ ਮੱਦੇਨਜ਼ਰ, ਜੂਨ ਤੱਕ ਨੌਕਰੀਆਂ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਸੱਤ ਲੱਖ ਤੋਂ ਨੌਂ ਲੱਖ ਦੇ ਵਿਚਕਾਰ ਹੋ ਸਕਦੀ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਲ ਦੇ 2 ਸਾਲਾਂ 'ਚ 16 ਕਰੋੜ ਹੋਰ ਲੋਕ ਹੋਏ ‘ਗ਼ਰੀਬ’, ਅਮੀਰਾਂ ਨੇ ਜੰਮ ਕੇ ਕੀਤੀ ‘ਕਮਾਈ’

ਰਿਪੋਰਟ ਮੁਤਾਬਕ ਚਾਰ ਦਹਾਕਿਆਂ ਤੱਕ ਚੱਲੀ ਜੰਗ, ਗੰਭੀਰ ਸੋਕੇ ਅਤੇ ਮਹਾਂਮਾਰੀ ਕਾਰਨ ਅਫਗਾਨ ਆਰਥਿਕਤਾ ਪਹਿਲਾਂ ਹੀ ਬਹੁਤ ਮਾੜੇ ਦੌਰ ਵਿੱਚੋਂ ਲੰਘ ਰਹੀ ਸੀ।

ਤਾਲਿਬਾਨ ਸ਼ਾਸਨ ਦੀ ਸਥਾਪਨਾ ਤੋਂ ਬਾਅਦ ਨਕਦੀ ਦੀ ਕਮੀ ਅਤੇ ਬੈਂਕਾਂ ਤੋਂ ਕਢਵਾਉਣ ਦੀ ਸੀਮਾ ਕਾਰਨ ਦੇਸ਼ ਨੂੰ ਆਮ ਆਦਮੀ ਤੋਂ ਲੈ ਕੇ ਛੋਟੀਆਂ ਅਤੇ ਵੱਡੀਆਂ ਕੰਪਨੀਆਂ ਤੱਕ ਸੰਘਰਸ਼ ਕਰਨਾ ਪੈ ਰਿਹਾ ਹੈ। ਅਫਗਾਨਿਸਤਾਨ ਵਿੱਚ ਆਈਐਲਓ ਦੇ ਸੀਨੀਅਰ ਕੋਆਰਡੀਨੇਟਰ ਰਾਮੀਨ ਬੇਹਜ਼ਾਦ ਦਾ ਕਹਿਣਾ ਹੈ, 'ਅਫਗਾਨਿਸਤਾਨ ਵਿੱਚ ਸਥਿਤੀ ਬਹੁਤ ਨਾਜ਼ੁਕ ਹੈ। ਆਰਥਿਕਤਾ ਦੀ ਰਿਕਵਰੀ ਅਤੇ ਸਥਿਰਤਾ ਲਈ ਤੁਰੰਤ ਸਹਿਯੋਗ ਦੀ ਲੋੜ ਹੈ।

ਆਈਐਲਓ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2020 ਵਿੱਚ, ਅਫਗਾਨਿਸਤਾਨ ਵਿੱਚ ਪੰਜ ਵਿੱਚੋਂ ਇੱਕ ਨੌਕਰੀ ਔਰਤਾਂ ਕੋਲ ਸੀ, ਤਾਲਿਬਾਨ ਸ਼ਾਸਨ ਨੇ ਉਨ੍ਹਾਂ ਨੂੰ ਕੰਮ ਕਰਨ ਅਤੇ ਲੜਕੀਆਂ ਨੂੰ ਪੜ੍ਹਾਈ ਕਰਨ ਤੋਂ ਰੋਕਿਆ ਸੀ। ਰਿਪੋਰਟ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਅਫਗਾਨਿਸਤਾਨ ਵਿੱਚ ਰੁਜ਼ਗਾਰ ਦੀ ਲਗਾਤਾਰ ਵਿਗੜਦੀ ਸਥਿਤੀ ਬਾਲ ਮਜ਼ਦੂਰੀ ਨੂੰ ਉਤਸ਼ਾਹਿਤ ਕਰ ਸਕਦੀ ਹੈ। ਦੇਸ਼ ਵਿੱਚ 5 ਤੋਂ 17 ਸਾਲ ਦੀ ਉਮਰ ਦੇ 10 ਲੱਖ ਤੋਂ ਵੱਧ ਬੱਚਿਆਂ ਦੇ ਕੰਮ ਕਰਨ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ : ਅਮਰੀਕਾ ਵਿਚ 5ਜੀ ਸੇਵਾਵਾਂ ਨੂੰ ਲੈ ਕੇ ਕਈ ਉਡਾਣਾਂ ਰੱਦ, ਹਜ਼ਾਰਾਂ ਯਾਤਰੀ ਪ੍ਰਭਾਵਿਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News