ਮੋਦੀ ਸਰਕਾਰ ਦੇ ਬੁਲੇਟ ਟਰੇਨ ਪ੍ਰਾਜੈਕਟ 'ਤੇ ਕੋਰੋਨਾ ਵਾਇਰਸ ਦੀ ਮਾਰ

09/05/2020 9:40:56 PM

ਨਵੀਂ ਦਿੱਲੀ- ਕੋਰੋਨਾ ਸੰਕਟ ਕਾਰਨ ਮੋਦੀ ਸਰਕਾਰ ਦੇ ਉਤਸ਼ਾਹੀ ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰਾਜੈਕਟ 'ਤੇ ਰੋਕ ਲਗਾਈ ਗਈ ਹੈ। ਪ੍ਰਾਜੈਕਟ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਕਿ ਮਹਾਰਾਸ਼ਟਰ ਦੇ ਪਾਲਘਰ ਅਤੇ ਗੁਜਰਾਤ ਦੇ ਨਵਸਾਰੀ ਵਰਗੇ ਇਲਾਕਿਆਂ ਵਿਚ ਅਜੇ ਵੀ ਜ਼ਮੀਨ ਪ੍ਰਾਪਤੀ ਨਾਲ ਜੁੜੇ ਮੁੱਦੇ ਹਨ। 

ਨਿਊਜ਼ ਏਜੰਸੀ ਮੁਤਾਬਕ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਸਾਲ ਕੰਪਨੀ ਨੇ 9 ਲੋਕ ਨਿਰਮਾਣ ਟੈਂਡਰ ਮੰਗਵਾਏ ਸਨ ਪਰ ਇਨ੍ਹਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਖੋਲ੍ਹਿਆ ਨਹੀਂ ਜਾ ਸਕਿਆ। ਵਰਤਮਾਨ ਹਾਲਾਤ ਨੂੰ ਦੇਖਦਿਆਂ 2023 ਤੱਕ ਪ੍ਰਾਜੈਕਟ ਪੂਰੇ ਹੋਣ ਦੀ ਆਸ ਹੈ। 

63 ਫੀਸੀ ਜ਼ਮੀਨ ਕੀਤੀ ਜਾ ਚੁੱਕੀ ਹੈ ਪ੍ਰਾਪਤ
ਨੈਸ਼ਨਲ ਹਾਈਵੇਅ ਸਪੀਡ ਰੇਲ ਕਾਰਪੋਰੇਸ਼ਨ ਨੇ ਪਹਿਲਾਂ ਹੀ ਪ੍ਰਾਜੈਕਟ ਲਈ 63 ਫੀਸਦੀ ਜ਼ਮੀਨ ਦੀ ਪ੍ਰਾਪਤੀ ਕਰ ਲਈ ਹੈ, ਜਿਸ ਵਿਚ ਗੁਜਰਾਤ ਵਿਚ ਲਗਭਗ 77 ਫੀਸਦੀ ਜ਼ਮੀਨ, ਦਾਦਰਾ ਨਾਗਰ ਹਵੇਲੀ ਵਿਚ 80 ਫੀਸਦੀ ਅਤੇ ਮਹਾਰਾਸ਼ਟਰ ਵਿਚ 22 ਫੀਸਦੀ ਜ਼ਮੀਨ ਸ਼ਾਮਲ ਹੈ। 
ਇਹ ਸਮੱਸਿਆਵਾਂ ਹਨ ਸਾਹਮਣੇ
ਪ੍ਰਾਜੈਕਟ ਵਿਚ ਕਾਰੀਡੋਰ ਦੇ 21 ਕਿਲੋਮੀਟਰ ਦੇ ਅੰਡਰ ਗਰਾਊਂਡ ਸੈਕਸ਼ਨ ( ਜਿਸ ਵਿਚ 7 ਕਿਲੋਮੀਟਰ ਦਾ ਸਮੁੰਦਰ ਦੇ ਅੰਦਰ ਦਾ ਸੈਕਸ਼ਨ ਵੀ ਸ਼ਾਮਲ ਹੈ) ਲਈ ਜਾਪਾਨ ਵਲੋਂ ਕੋਈ ਰੁਚੀ ਨਹੀਂ ਦਿਖਾਈ ਗਈ ਹੈ। ਇਸ ਦੇ ਇਲਾਵਾ ਪ੍ਰਾਜੈਕਟ ਲਈ ਜੋ 11 ਟੈਂਡਰ ਜਾਪਾਨੀ ਕੰਪਨੀਆਂ ਵਲੋਂ ਲਏ ਜਾਣੇ ਸਨ, ਉਸ ਵਿਚ ਪ੍ਰਸਤਾਵਤ ਕੀਮਤਾਂ ਅੰਦਾਜ਼ੇ ਤੋਂ ਕਈ ਗੁਣਾ ਜ਼ਿਆਦਾ ਸਨ। ਜ਼ਿਕਰਯੋਗ ਹੈ ਕਿ ਦੇਸ਼ ਦੇ ਪਹਿਲੇ ਬੁਲੇਟ ਟਰੇਨ ਪ੍ਰਾਜੈਕਟ 'ਤੇ ਮੁੰਬਈ ਤੋਂ ਅਹਿਮਦਾਬਾਦ ਵਿਚਕਾਰ ਕੰਮ ਚੱਲ ਰਿਹਾ ਹੈ। ਇਸ ਕੋਰੀਡੋਰ 'ਤੇ ਬੁਲੇਟ ਟਰੇਨ ਦੀ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਉਮੀਦ ਹੈ। ਭਾਵ ਮੁੰਬਈ ਤੋਂ ਅਹਿਮਦਾਬਾਦ ਸਿਰਫ 2 ਘੰਟਿਆਂ ਵਿਚ ਪਹੁੰਚਿਆ ਜਾ ਸਕੇਗਾ, ਹੁਣ ਇਸ ਦੂਰੀ ਨੂੰ ਤੈਅ ਕਰਨ ਵਿਚ ਭਾਰਤੀ ਰੇਲਗੱਡੀਆਂ ਨਾਲ 7 ਘੰਟੇ ਅਤੇ ਫਲਾਈਟ ਨਾਲ ਇਕ ਘੰਟਾ ਲੱਗਦਾ ਹੈ। 
 


Sanjeev

Content Editor

Related News