ਸਟੀਲ ਇੰਡਸਟਰੀ ਨੂੰ ਮਿਲੇਗੀ ਰਾਹਤ, ਦਰਾਮਦ ''ਤੇ ਲੱਗੇਗਾ ਇੰਪੋਰਟ ਪ੍ਰਾਈਸ!

02/14/2019 4:00:02 PM

ਨਵੀਂ ਦਿੱਲੀ— ਸਟੀਲ ਇੰਡਸਟਰੀ ਨੂੰ ਰਾਹਤ ਦੇਣ ਲਈ ਸਰਕਾਰ ਜਲਦ ਹੀ ਇਕ ਵੱਡਾ ਕਦਮ ਉਠਾ ਸਕਦੀ ਹੈ। ਜਾਣਕਾਰੀ ਮੁਤਾਬਕ, ਦੇਸ਼ 'ਚ ਦਰਾਮਦ ਹੋਣ ਵਾਲੇ ਸਾਰੇ ਤਰ੍ਹਾਂ ਦੇ ਸਟੀਲ ਪ੍ਰਾਡਕਟਸ 'ਤੇ ਘੱਟੋ-ਘੱਟ ਇੰਪੋਰਟ ਪ੍ਰਾਈਸ (ਐੱਮ. ਆਈ. ਪੀ.) ਲਾਉਣ ਦਾ ਵਿਚਾਰ ਹੋ ਰਿਹਾ ਹੈ। ਸੂਤਰਾਂ ਮੁਤਾਬਕ 6 ਫਰਵਰੀ ਨੂੰ ਇਸ ਸੰਬੰਧ 'ਚ ਇਕ ਉੱਚ ਪੱਧਰੀ ਬੈਠਕ ਹੋਈ ਹੈ, ਜਿਸ ਦੀ ਅਗਵਾਈ ਖੁਦ ਸਟੀਲ ਮੰਤਰੀ ਨੇ ਕੀਤੀ। ਭਾਰਤੀ ਸਟੀਲ ਅਥਾਰਟੀ (ਸੇਲ) ਨੇ ਹੌਟ ਰਾਡ ਸਟੀਲ 'ਤੇ 615 ਡਾਲਰ ਪ੍ਰਤੀ ਟਨ ਇੰਪੋਰਟ ਪ੍ਰਾਈਸ ਲਾਉਣ ਦਾ ਪ੍ਰਸਤਾਵ ਦਿੱਤਾ ਹੈ। ਬਾਕੀ ਪ੍ਰਾਡਕਟਸ 'ਤੇ 170 ਡਾਲਰ ਪ੍ਰਤੀ ਟਨ ਇੰਪੋਰਟ ਪ੍ਰਾਈਸ ਲੱਗ ਸਕਦਾ ਹੈ। ਸਰਕਾਰ ਇਕ-ਦੋ ਦਿਨ 'ਚ ਇਸ ਬਾਰੇ ਐਲਾਨ ਕਰ ਸਕਦੀ ਹੈ।

ਸਸਤੀ ਦਰਾਮਦ ਨੂੰ ਰੋਕਣ ਲਈ ਇੰਡਸਟਰੀ ਵੱਲੋਂ ਲਗਾਤਾਰ ਇਸ ਦੀ ਮੰਗ ਕੀਤੀ ਜਾ ਰਹੀ ਹੈ। ਚੀਨ, ਜਾਪਾਨ, ਦੱਖਣੀ ਕੋਰੀਆ ਤੋਂ ਵੱਡੀ ਮਾਤਰਾ 'ਚ ਸਟੀਲ ਡੰਪ ਹੋ ਰਿਹਾ ਹੈ ਅਤੇ ਇਹ ਪੱਧਰ ਤਕਰੀਬਨ 90 ਲੱਖ ਟਨ ਤਕ ਪਹੁੰਚ ਚੁੱਕਾ ਹੈ।
ਇਸ ਤੋਂ ਪਹਿਲਾਂ ਸਾਲ 2016 'ਚ ਵੀ ਸਰਕਾਰ ਨੇ ਮੰਦੀ ਨਾਲ ਜੂਝ ਰਹੀ ਇੰਡਸਟਰੀ ਨੂੰ ਬਚਾਉਣ ਲਈ 173 ਸਟੀਲ ਪ੍ਰਾਡਕਟਸ 'ਤੇ ਐੱਮ. ਆਈ. ਪੀ. ਲਗਾ ਦਿੱਤਾ ਸੀ। ਇਨ੍ਹਾਂ ਪ੍ਰਾਡਕਟਸ 'ਤੇ ਉਸ ਸਮੇਂ 341 ਤੋਂ 752 ਡਾਲਰ ਪ੍ਰਤੀ ਟਨ ਵਿਚਕਾਰ ਘੱਟੋ-ਘੱਟ ਇੰਪੋਰਟ ਪ੍ਰਾਈਸ ਲਗਾਇਆ ਗਿਆ ਸੀ। ਹਾਲਾਂਕਿ 2017 'ਚ ਇੰਡਸਟਰੀ ਦੀ ਹਾਲਤ ਸੁਧਰਨ 'ਤੇ ਸਰਕਾਰ ਨੇ ਇਹ ਹਟਾ ਦਿੱਤਾ ਸੀ। ਹੁਣ ਸਟੀਲ ਪ੍ਰਾਡਕਟਸ 'ਤੇ ਇਕ ਵਾਰ ਫਿਰ ਇੰਪੋਰਟ ਪ੍ਰਾਈਸ ਲਾਉਣ ਨਾਲ ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਤੋਂ ਹੋਣ ਵਾਲੀ ਦਰਾਮਦ 'ਚ ਕਮੀ ਆਵੇਗੀ। ਇਸ ਨਾਲ ਘਰੇਲੂ ਇੰਡਸਟਰੀ ਨੂੰ ਫਾਇਦਾ ਹੋਵੇਗਾ।