ਅਰਬਪਤੀ ਪ੍ਰਮੋਟਰਾਂ ਦੀ ਸੰਖਿਆ ਹੋਈ ਘੱਟ

07/25/2019 11:05:23 AM

ਮੁੰਬਈ — ਦੇਸ਼ ਦੇ ਸਿਖਰ ਅਰਬਪਤੀਆਂ ਪ੍ਰਮੋਟਰਾਂ ਦੀ ਸੰਖਿਆ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ। ਸ਼ੇਅਰ ਬਜ਼ਾਰ 'ਚ ਟਾਪ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ 'ਚ ਪਿਛਲੇ 1 ਸਾਲ ਤੋਂ ਆ ਰਹੀ ਗਿਰਵਟ ਕਾਰਨ ਅਰਬਪਤੀ ਪ੍ਰਮੋਟਰਾਂ ਦੀ ਸੰਖਿਆ 71 ਰਹਿ ਗਈ ਹੈ ਜਿਹੜੀ ਤਿੰਨ ਸਾਲ 'ਚ ਸਭ ਤੋਂ ਘੱਟ ਹੈ। ਮਾਰਚ 2018 'ਚ ਦੇਸ਼ 'ਚ ਅਰਬਪਤੀ ਪ੍ਰਮੋਟਰਾਂ ਦੀ ਸੰਖਿਆ 90 ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਸੀ ਪਰ ਇਸ ਸਾਲ ਮਾਰਚ ਵਿਚ ਇਹ 81 ਰਹਿ ਗਈ ਸੀ। ਜ਼ਿਆਦਾਤਰ ਛੋਟੇ ਪ੍ਰਮੋਟਰਾਂ ਦੀ ਕੁੱਲ ਹੈਸੀਅਤ ਵਿਚ ਵੀ ਕਮੀ ਆਈ ਹੈ ਜਦੋਂਕਿ ਵੱਡੇ ਉਦਯੋਗਪਤੀਆਂ ਦੀ ਹੈਸੀਅਤ ਵਧੀ ਹੈ। ਪਿਛਲੇ 16 ਮਹੀਨੇ ਕੁੱਲ 24 ਪ੍ਰਮੋਟਰ ਅਰਬਪਤੀਆਂ ਦੀ ਸੂਚੀ 'ਚੋਂ ਬਾਹਰ ਹੋਏ। ਇਸ ਦੌਰਾਨ ਕੁੱਲ ਮਿਲਾ ਕੇ ਇਕ ਲੱਖ ਕਰੋੜ ਰੁਪਏ ਯਾਨੀ ਕਰੀਬ 14.7 ਅਰਬ ਡਾਲਰ ਦਾ ਨੁਕਸਾਨ ਹੋਇਆ। 

ਮਸ਼ਹੂਰ ਪ੍ਰਮੋਟਰਾਂ ਦੀ ਸੂਚੀ

ਇਸ ਸੂਚੀ ਵਿਚੋਂ ਬਾਹਰ ਹੋਣ ਵਾਲੇ ਮੰਨੇ-ਪ੍ਰਮੰਨੇ ਪ੍ਰਮੋਟਰਾਂ ਵਿਚੋਂ ਅਨਿਲ ਅੰਬਾਨੀ(ਮਾਰਚ 2018 ਤੋਂ 92 ਫੀਸਦੀ ਘੱਟ), ਯੈੱਸ ਬੈਂਕ ਦੇ ਰਾਣਾ ਕਪੂਰ 70% ਘੱਟ, ਦਿਲੀਪ ਬਿਲਡਕਾਨ ਦੇ ਦਿਲੀਪ ਸੂਰਿਆਵੰਸ਼ੀ(58 ਫੀਸਦੀ ਘੱਟ), ਮੋਤੀਲਾਲ ਓਸਵਾਲ ਫਾਇਨਾਂਸ਼ਿਅਲ ਸਰਵਿਸਿਜ਼ ਦੇ ਮੋਤੀਲਾਲ ਓਸਵਾਲ ਅਤੇ ਰਾਮਦੇਵ ਅਗਰਵਾਲ(42.5 ਫੀਸਦੀ ਘੱਟ) ਅਤੇ ਸਿੰਫਨੀ ਦੇ ਅਚਲ ਬਾਕੇਰੀ(32.4 ਫੀਸਦੀ ਘੱਟ) ਸ਼ਾਮਲ ਹਨ। ਅਨਿਲ ਅੰਬਾਨੀ ਸਮੂਹ 'ਚ ਪ੍ਰਮੋਟਰਾਂ ਦੀ ਹਿੱਸੇਦਾਰੀ ਹੁਣ ਸਿਰਫ 1981 ਕਰੋੜ ਰੁਪਏ ਰਹਿ ਗਈ ਹੈ ਜਦੋਂਕਿ ਪਿਛਲੇ ਸਾਲ ਮਾਰਚ ਦੇ ਅੰਤ ਤੱਕ ਇਹ 25,271 ਕਰੋੜ ਰੁਪਏ ਸੀ। ਇਸੇ ਤਰ੍ਹਾਂ ਰਾਣਾ ਕਪੂਰ ਦੀ ਯੈੱਸ ਬੈਂਕ 'ਚ ਪ੍ਰਮੋਟਰ ਹਿੱਸੇਦਾਰੀ 4,185 ਕਰੋੜ ਰੁਪਏ ਰਹਿ ਗਈ ਹੈ ਜਦੋਂਕਿ ਪਿਛਲੇ ਸਾਲ ਮਾਰਚ ਦੇ ਅੰਤ 'ਚ ਇਹ 14,000 ਕਰੋੜ ਰੁਪਏ ਸੀ। 

ਇਨ੍ਹਾਂ ਪ੍ਰਮੋਟਰਾਂ ਦੀ ਹਿੱਸੇਦਾਰੀ 'ਚ ਹੋਇਆ ਜ਼ਬਰਦਸਤ ਵਾਧਾ

ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ ਦੀ ਹਿੱਸੇਦਾਰੀ ਦਾ ਮੁੱਲ ਪਿਛਲੇ ਸਾਲ ਮਾਰਚ ਤੋਂ 45.1 ਫੀਸਦੀ ਵਧਿਆ ਹੈ। ਗੌਤਮ ਅਦਾਣੀ ਸਮੂਹ ਦੀ ਹਿੱਸੇਦਾਰੀ ਵੱਖ-ਵੱਖ ਕੰਪਨੀਆਂ ਵਿਚ ਪਿਛਲੇ 16 ਮਹੀਨਿਆਂ ਦੇ ਦੌਰਾਨ 42 ਫੀਸਦੀ ਤੱਕ ਵਧੀ ਹੈ ਜਦੋਂਕਿ ਇਸ ਦੌਰਾਨ ਵਿਪਰੋ 'ਚ ਅਜੀਮ ਪ੍ਰੇਮਜੀ ਦੀ ਹਿੱਸੇਦਾਰੀ 'ਚ 25 ਫੀਸਦੀ ਦਾ ਵਾਧਾ ਹੋਇਆ ਹੈ। ਕੁੱਲ ਮਿਲਾ ਕੇ ਦੇਸ਼ ਦੇ ਸਿਖਰ 10 ਪ੍ਰਮੋਟਰਾਂ ਦੀ ਕੁੱਲ ਹੈਸੀਅਤ 158 ਅਰਬ ਡਾਲਰ ਹੋ ਚੁੱਕੀ ਹੈ ਜਿਹੜੀ ਕਿ ਮਾਰਚ 2018 ਦੇ ਅੰਤ 'ਚ 132 ਡਾਲਰ ਸੀ।

ਇਸ ਕਾਰਨ ਪ੍ਰਭਾਵਿਤ ਹੋਇਆ ਢਾਂਚਾ

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ 2018 ਦੀ ਸ਼ੁਰੂਆਤ ਤੋਂ ਬਜ਼ਾਰ ਵਿਚ ਚਾਰੋਂ ਪਾਸਿਓਂ ਵਿਕਰੀ ਕਾਰਨ ਅਜਿਹਾ ਹੋਇਆ। ਇਕਨਾਮਿਕਸ ਰਿਸਰਚ ਐਂਡ ਐਡਵਾਇਜ਼ਰੀ ਸਰਵਿਸਿਜ਼ ਦੇ ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ ਜੀ ਚੋਕਕਲਿੰਗਮ ਨੇ ਕਿਹਾ, ' ਪਿਛਲੇ ਸਾਲ ਜਨਵਰੀ ਤੋਂ ਬਜ਼ਾਰ ਵਿਚ ਗਿਰਾਵਟ ਦਾ ਦੌਰ ਹੈ ਅਤੇ ਇਸ ਦੇ ਕਾਰਨ ਜ਼ਿਆਦਾਤਰ ਅਜਿਹੀਆਂ ਕੰਪਨੀਆਂ ਅਤੇ ਗਰੁੱਪ ਪ੍ਰਭਾਵਿਤ ਹੋਏ ਹਨ ਜਿਨ੍ਹਾਂ 'ਤੇ ਕਰਜ਼ਾ ਹੈ ਜਾਂ ਜਿਨ੍ਹਾਂ ਦੇ ਸ਼ੇਅਰ ਗਿਰਵੀ ਹਨ।' ਸਭ ਤੋਂ ਜ਼ਿਆਦਾ ਨੁਕਸਾਨ ਗੈਰ ਬੈਂਕਿੰਗ ਵਿੱਤੀ ਕੰਪਨੀਆਂ, ਵਾਹਨ, ਰਿਅਲ ਅਸਟੇਟ, ਦਵਾਈ ਅਤੇ ਗ੍ਰੇਫਾਈਟ ਇਲੈਕਟ੍ਰੋਡ ਖੇਤਰ ਦੇ ਪ੍ਰਮੋਟਰਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਇਨ੍ਹਾਂ ਦੀ ਤੁਲਨਾ ਵਿਚ ਸੂਚਨਾ ਤਕਨਾਲੋਜੀ, ਐਫ.ਐਮ.ਸੀ.ਜੀ. ਅਤੇ ਸੀਮੈਂਟ ਖੇਤਰ ਦੇ ਪ੍ਰਮੋਟਰਾਂ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ।

ਇਹ ਵਿਸ਼ਲੇਸ਼ਣ ਬੰਬਈ ਸਟਾਕ ਐਕਸਚੇਂਜ 500, ਬੰਬਈ ਸਟਾਕ ਐਕਸਚੇਂਜ ਮਿਡਕੈਪ ਜਾਂ ਬੰਬਈ ਸਟਾਕ ਐਕਸਚੇਂਜ ਸਮਾਲਕੈਪ ਸੂਚਕਅੰਕ 'ਚ ਸ਼ਾਮਲ 822 ਕੰਪਨੀਆਂ ਦੀ ਬਜ਼ਾਰ ਪੂੰਜੀ ਅਤੇ ਪ੍ਰਮੋਟਰਾਂ ਦੀ ਹਿੱਸੇਦਾਰੀ ਦੇ ਸਾਂਝੇ ਨਮੂਨਿਆਂ 'ਤੇ ਅਧਾਰਿਤ ਹੈ। ਇਨ੍ਹਾਂ ਵਿਚ ਸਰਕਾਰੀ ਕੰਪਨੀਆਂ, ਬਹੁਰਾਸ਼ਟਰੀ ਕੰਪਨੀਆਂ ਦੀ ਸੂਚੀਬੱਧ ਸਹਿਯੋਗੀ ਕੰਪਨੀਆਂ, ਕੰਪਨੀਆਂ ਦੇ ਸੰਸਥਾਨਾਂ ਅਤੇ ਉਨ੍ਹਾਂ ਦੀਆਂ ਸਹਿਯੋਗੀ ਕੰਪਨੀਆਂ ਜਿਵੇਂ ਕਿ ਐੱਲ.ਐਂਡ.ਟੀ., ਐਚ.ਡੀ.ਐਫ.ਸੀ. ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਨੂੰ ਸ਼ਾਮਲ ਨਹੀਂਂ ਕੀਤਾ ਗਿਆ ਹੈ। ਇਨ੍ਹਾਂ ਵਿਚ ਰਿਲਾਇੰਸ ਇੰਡਸਟਰੀਜ਼, ਟਾਟਾ ਸਟੀਲ, ਗ੍ਰਾਸਿਮ ਇੰਡਸਟਰੀਜ਼, ਬੰਬੇ ਬਰਮਾ, ਰਿਲਾਇੰਸ ਕੈਪੀਟਲ, ਬਜਾਜ ਫਿਨਸਰਵ, ਗੋਦਰੇਜ ਇੰਡਸਟਰੀਜ਼  ਸਮੇਤ ਹੋਰ ਕੰਪਨੀਆਂ ਸ਼ਾਮਲ ਹਨ।


Related News