ਕੈਨਬਰਾ: ਗੂਗਲ ਦੀ ਧਮਕੀ ਨੇ ਮਾਈਕਰੋਸਾਫਟ ਬਿੰਗ ਦੀ ਸਰਗਰਮੀ ਵਧਾਈ

02/03/2021 3:44:17 PM

ਕੈਨਬਰਾ- ਗੂਗਲ ਦੀ ਆਸਟ੍ਰੇਲੀਆ ਵਿਚ ਸਰਚ ਇੰਜਣ ਬੰਦ ਕਰਨ ਦੀ ਧਮਕੀ ਨੇ ਬਿੰਗ ਦੀ ਸਰਗਰਮੀ ਵਧਾ ਦਿੱਤੀ ਹੈ। ਮਾਈਕਰੋਸਾਫਟ ਨੇ ਆਸਟ੍ਰੇਲੀਆ ਦੀ ਉਸ ਯੋਜਨਾ ਦਾ ਸਮਰਥਨ ਕੀਤਾ ਹੈ, ਜਿਸ ਤਹਿਤ ਡਿਜੀਟਲ ਮੰਚਾਂ ਤੋਂ ਖ਼ਬਰਾਂ ਲਈ ਚਾਰਜ ਵਸੂਲ ਕੀਤਾ ਜਾਵੇਗਾ। ਮਾਈਕਰੋਸਾਫਟ ਨੇ ਕਿਹਾ ਹੈ ਕਿ ਜੇਕਰ ਗੂਗਲ ਆਸਟ੍ਰੇਲੀਆ ਛੱਡ ਕੇ ਜਾਂਦੀ ਹੈ ਤਾਂ ਛੋਟੇ ਕਾਰੋਬਾਰੀਆਂ ਦੇ ਵਿਗਿਆਪਨਾਂ ਨੂੰ ਬਿੰਗ ਵਿਚ ਸ਼ਿਫਟ ਕੀਤਾ ਜਾਵੇਗਾ।

ਬਿੰਗ ਮਾਈਕਰੋਸਾਫਟ ਦਾ ਸਰਚ ਇੰਜਣ ਹੈ। ਗੂਗਲ ਦੇ ਇਕ ਉੱਚ ਅਧਿਕਾਰੀ ਨੇ ਪਿਛਲੇ ਮਹੀਨੇ ਸਨੇਟ ਵਿਚ ਸੁਣਵਾਈ ਵਿਚ  ਕਿਹਾ ਸੀ ਕਿ ਜੇਕਰ ਸਰਕਾਰ ਗੂਗਲ ਦੇ ਪਲੇਟਫਾਰਮ 'ਤੇ ਖ਼ਬਰਾਂ ਦੇ ਬਦਲੇ ਚਾਰਜ ਵਸੂਲਣ ਦੀ ਖਰੜਾ ਯੋਜਨਾ 'ਤੇ ਅੱਗੇ ਵਧਦੀ ਹੈ ਤਾਂ ਉਹ ਆਸਟ੍ਰੇਲੀਆ ਵਿਚ ਆਪਣਾ ਸਰਚ ਇੰਜਣ ਬੰਦ ਕਰ ਦੇਵੇਗੀ।

ਇਸ ਵਿਚਕਾਰ ਮਾਈਕਰੋਸਾਫਟ ਨੇ ਸਰਗਰਮੀ ਤੇਜ਼ ਕਰਦੇ ਹੋਏ ਆਪਣੇ ਸਰਚ ਇੰਜਣ ਦੀ ਬਾਜ਼ਾਰ ਹਿੱਸੇਦਾਰੀ ਵਧਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਆਸਟ੍ਰੇਲੀਆ ਵਿਚ ਮਾਈਕਰੋਸਾਫਟ ਦੇ ਮੁਖੀ ਬ੍ਰੈਡ ਸਮਿਥ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਅਤੇ ਮਾਈਕਰੋਸਾਫਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੱਤਿਆ ਨਡੇਲਾ ਨੇ ਪਿਛਲੇ ਹਫ਼ਤੇ ਇਕ ਆਨਲਾਈਨ ਬੈਠਕ ਵਿਚ ਪ੍ਰਧਾਨ ਮੰਤਰੀ ਸਕੌਟ ਮੌਰਿਜ਼ਨ ਅਤੇ ਸੰਚਾਰ ਮੰਤਰੀ ਪੌਲ ਫਲੇਚਰ ਨੂੰ ਕਿਹਾ ਸੀ ਕਿ ਮਾਈਕਰੋਸਾਫਟ ਇਸ ਨਵੇਂ ਖਰੜੇ ਦਾ ਪੂਰੀ ਤਰ੍ਹਾਂ ਸਮਰਥਨ ਕਰਦਾ ਹੈ, ਜਿਸ ਤਹਿਤ ਡਿਜੀਟਲ ਮੰਚਾਂ ਤੋਂ ਸਮਾਚਾਰ ਲਈ ਚਾਰਜ ਲੈਣ ਦੀ ਗੱਲ ਆਖੀ ਗਈ ਹੈ। ਮੌਰਿਜ਼ਨ ਨੇ ਇਸ ਹਫ਼ਤੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਨਡੇਲਾ ਨੂੰ ਬਿੰਗ ਦੇ ਆਸਟ੍ਰੇਲੀਆ ਵਿਚ ਗੂਗਲ ਦੀ ਜਗ੍ਹਾ ਲੈਣ ਬਾਰੇ ਗੱਲ ਕੀਤੀ ਸੀ।

Sanjeev

This news is Content Editor Sanjeev