ਬੀ. ਐੱਸ.-6 ਨਾਲ ਲੱਗੇਗਾ ਲੋਕਾਂ ਨੂੰ ਝਟਕਾ, ਮਹਿੰਗਾ ਹੋ ਸਕਦੈ ਪੈਟਰੋਲ-ਡੀਜ਼ਲ

01/30/2020 11:30:55 PM

ਨਵੀਂ ਦਿੱਲੀ (ਭਾਸ਼ਾ)-ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਅਪ੍ਰੈਲ ਤੋਂ 50 ਪੈਸੇ ਤੋਂ 1 ਰੁਪਏ ਲਿਟਰ ਦਾ ਵਾਧਾ ਹੋ ਸਕਦਾ ਹੈ। ਇਸ ਦਾ ਕਾਰਣ ਦੇਸ਼ ’ਚ ਭਾਰਤ ਸਟੇਜ (ਬੀ. ਐੱਸ.)-6 ਨਿਕਾਸੀ ਮਿਆਰਾਂ ਵਾਲੇ ਈਂਧਣ ਦੀ ਵਰਤੋਂ ਸ਼ੁਰੂ ਹੋਣੀ ਹੈ। ਫਿਲਹਾਲ ਦੇਸ਼ ’ਚ ਬੀ. ਐੱਸ.-4 ਮਿਆਰਾਂ ਵਾਲਾ ਈਂਧਣ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਹ ਯੂਰੋ-ਸਟੈਂਡਰਡ ਦੇ ਮੁਤਾਬਕ ਹੈ। ਸਰਕਾਰ ਨੇ ਵਾਹਨਾਂ ਤੋਂ ਹੋਣ ਵਾਲੀ ਕਾਰਬਨ ਨਿਕਾਸੀ ’ਚ ਕਮੀ ਲਿਆਉਣ ਲਈ 1 ਅਪ੍ਰੈਲ ਤੋਂ ਬੀ. ਐੱਸ.-6 ਮਿਆਰਾਂ ਵਾਲੇ ਈਂਧਣ ਦੀ ਵਰਤੋਂ ਕਰਨ ਦਾ ਫ਼ੈਸਲਾ ਕੀਤਾ। ਅਜਿਹਾ ਮੰਨਿਆ ਜਾਂਦਾ ਹੈ ਕਿ ਰਾਸ਼ਟਰੀ ਰਾਜਧਾਨੀ ਅਤੇ ਹੋਰ ਸ਼ਹਿਰਾਂ ’ਚ ਪ੍ਰਦੂਸ਼ਣ ਦਾ ਇਕ ਪ੍ਰਮੁੱਖ ਕਾਰਣ ਵਾਹਨਾਂ ਤੋਂ ਹੋਣ ਵਾਲੀ ਨਿਕਾਸੀ ਹੈ। ਪੈਟਰੋਲ-ਡੀਜ਼ਲ ਹੋਰ ਮਹਿੰਗਾ ਹੋਣ ਨਾਲ ਆਮ ਲੋਕਾਂ ਨੂੰ ਝਟਕਾ ਲੱਗ ਸਕਦਾ ਹੈ।

ਦੇਸ਼ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਦੇ ਚੇਅਰਮੈਨ ਸੰਜੀਵ ਸਿੰਘ ਨੇ ਕਿਹਾ ਕਿ ਕੰਪਨੀ ਦੀਆਂ ਸਾਰੀਆਂ ਰਿਫਾਈਨਰੀਆਂ ਨੇ ਬੀ. ਐੱਸ.-6 ਮਿਆਰਾਂ ਵਾਲੇ ਈਂਧਣ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਈਂਧਣ ਅਗਲੇ ਮਹੀਨੇ ਤੱਕ ਦੇਸ਼ ਦੇ ਡਿਪੂ ’ਚ ਪਹੁੰਚ ਜਾਣਗੇ। ਉਨ੍ਹਾਂ ਕਿਹਾ, ‘‘ਅਸੀਂ 1 ਅਪ੍ਰੈਲ ਦੀ ਸਮਾਂ-ਹੱਦ ਦੀ ਪਾਲਣਾ ਕਰ ਰਹੇ ਹਾਂ ਅਤੇ 1 ਅਪ੍ਰੈਲ ਤੋਂ ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਬੀ. ਐੱਸ.-6 ਮਿਆਰਾਂ ਵਾਲੇ ਹੋਣਗੇ।’’

ਆਈ. ਓ. ਸੀ. ਨੇ ਸਵੱਛ ਈਂਧਣ ਦਾ ਉਤਪਾਦਨ ਕਰਨ ਲਈ ਆਪਣੀਆਂ ਰਿਫਾਈਨਰੀਆਂ ਨੂੰ ਉੱਨਤ ਬਣਾਉਣ ਨੂੰ ਲੈ ਕੇ 17,000 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਹੈ। ਉਥੇ ਹੀ ਉਦਯੋਗ ਨੇ ਲਗਭਗ 30,000 ਕਰੋਡ਼ ਰੁਪਏ ਖਰਚ ਕੀਤੇ ਹਨ।

ਉਨ੍ਹਾਂ ਕਿਹਾ, ‘‘ਅਸੀਂ ਅਪ੍ਰੈਲ ਤੋਂ ਬੀ. ਐੱਸ.-6 ਈਂਧਣ ਦੀ ਸਪਲਾਈ ਦੇ ਪੈਣ ਵਾਲੇ ਪ੍ਰਭਾਵ ਦਾ ਮੁਲਾਂਕਣ ਕਰ ਰਹੇ ਹਾਂ।’’ ਸਿੰਘ ਨੇ ਕਿਹਾ ਕਿ ਬੀ. ਐੱਸ.-6 ਮਿਆਰਾਂ ਵਾਲੇ ਪੈਟਰੋਲ ਅਤੇ ਡੀਜ਼ਲ ਦਾ ਕੌਮਾਂਤਰੀ ਮਿਆਰ ਭਾਵ ਬੀ. ਐੱਸ.-4 ਦੇ ਮੁਕਾਬਲੇ ਜ਼ਿਆਦਾ ਹੈ। ਹਾਲਾਂਕਿ ਘਰੇਲੂ ਈਂਧਣ ਦੀਆਂ ਦਰਾਂ ਸਿੱਧੇ ਤੌਰ ’ਤੇ ਕੌਮਾਂਤਰੀ ਦਰਾਂ ਨਾਲ ਜੁਡ਼ੀਆਂ ਹਨ, ਅਜਿਹੇ ’ਚ ਪੈਟਰੋਲ ਪੰਪਾਂ ਨੂੰ ਕੀਮਤਾਂ ਵਧਾਉਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਕਿੰਨਾ ਵਾਧਾ ਹੋਵੇਗਾ, ਇਸ ’ਤੇ ਗੌਰ ਕੀਤਾ ਜਾ ਰਿਹਾ ਹੈ ਪਰ ਵਾਧਾ ਇੰਨਾ ਨਹੀਂ ਹੈ, ਜਿਸ ਨਾਲ ਕਿ ਉਸ ਨੂੰ ਪੜਾਅਬੱਧ ਤਰੀਕੇ ਨਾਲ ਵਧਾਇਆ ਜਾਵੇ। ਉਨ੍ਹਾਂ ਇਨ੍ਹਾਂ ਦੇ ਮੁੱਲ ’ਚ ਇਕਮੁਸ਼ਤ ਵਾਧੇ ਦਾ ਸੰਕੇਤ ਦਿੱਤਾ।

3 ਸਾਲ ’ਚ ਪੈਟਰੋਲ-ਡੀਜ਼ਲ ਵਾਲੇ ਵਾਹਨਾਂ ਦੇ ਮੁਕਾਬਲੇ ਈ-ਵਾਹਨ ਹੋਣਗੇ ਸਸਤੇ : ਅਮਿਤਾਭ ਕਾਂਤ

ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਨੇ ਕਿਹਾ ਕਿ 3 ਸਾਲ ’ਚ ਇਲੈਕਟ੍ਰਿਕ ਵਾਹਨ (ਈ-ਵਾਹਨ) ਪੈਟਰੋਲ-ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਦੇ ਮੁਕਾਬਲੇ ਸਸਤੇ ਹੋਣਗੇ। ਇਸ ਦਾ ਕਾਰਣ ਇਲੈਕਟ੍ਰਿਕ ਵਾਹਨਾਂ ਦੀ ਬੈਟਰੀ ਦੀ ਕੀਮਤ ’ਚ ਲਗਭਗ 51 ਫ਼ੀਸਦੀ ਦੀ ਗਿਰਾਵਟ ਦੀ ਉਮੀਦ ਹੈ। ਟੇਰੀ ਦੇ ਸਾਲਾਨਾ ਪ੍ਰੋਗਰਾਮ ‘ਵਰਲਡ ਸਸਟੇਨੇਬਲ ਡਿਵੈੱਲਪਮੈਂਟ ਸਮਿਟ’ ਦੇ ਇਕ ਸੈਸ਼ਨ ’ਚ ਕਾਂਤ ਨੇ ਇਹ ਗੱਲ ਕਹੀ। ਸਵੱਛ ਵਾਹਨ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਉਂਦਿਆਂ ਕਾਂਤ ਨੇ ਕਿਹਾ ਕਿ ਇਸ ਖੇਤਰ ’ਚ ਵਾਧੇ ਦੀ ਸੰਭਾਵਨਾ ਨੂੰ ਵੇਖਦਿਆਂ ਭਾਰਤੀ ਉਦਯੋਗ ਇਲੈਕਟ੍ਰਿਕ ਵਾਹਨਾਂ ਦੇ ਵਿਨਿਰਮਾਣ ਦਾ ਕੇਂਦਰ ਬਣਾਉਣ ਲਈ ਬਦਲਾਅ ਦਾ ਇੰਜਣ ਬਣਨਾ ਚਾਹੀਦਾ ਹੈ। ਕਾਂਤ ਨੇ ਕਿਹਾ, ‘‘ਦੋ ਚੁਣੌਤੀਆਂ ਦੇ ਹੱਲ ਦੀ ਜ਼ਰੂਰਤ ਹੈ। ਪਹਿਲਾ, ਸ਼ਹਿਰੀਕਰਨ ਦਾ ਨਵਾਂ ਰੂਪ ਯਕੀਨੀ ਬਣਾਉਣਾ ਚਾਹੀਦਾ ਹੈ ਜੋ ਜਨਤਕ ਟਰਾਂਸਪੋਰਟ ’ਤੇ ਆਧਾਰਿਤ ਹੋਵੇ ਅਤੇ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਭਾਰਤ ਕੱਲ ਦੇ ਕੌਮਾਂਤਰੀ ਨਿਰਮਾਤਾਵਾਂ ਤੋਂ ਪਿੱਛੇ ਨਾ ਰਹੇ।’’

Karan Kumar

This news is Content Editor Karan Kumar