ਮਾਰੂਤੀ ਨੇ ਲਗਾਤਾਰ 8ਵੇਂ ਮਹੀਨੇ ਉਤਪਾਦਨ ''ਚ ਕੀਤੀ ਕਟੌਤੀ

10/09/2019 12:24:52 AM

ਨਵੀਂ ਦਿੱਲੀ (ਭਾਸ਼ਾ)-ਵਾਹਨ ਬਣਾਉਣ ਵਾਲੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਨਰਮੀ ਨੂੰ ਵੇਖਦੇ ਹੋਏ ਸਤੰਬਰ 'ਚ ਆਪਣਾ ਉਤਪਾਦਨ 17.48 ਫੀਸਦੀ ਘਟਾ ਦਿੱਤਾ। ਇਹ ਲਗਾਤਾਰ 8ਵਾਂ ਮਹੀਨਾ ਹੈ, ਜਦੋਂ ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਨੇ ਆਪਣਾ ਉਤਪਾਦਨ ਘੱਟ ਕੀਤਾ ਹੈ।
ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਕੰਪਨੀ ਨੇ ਸਤੰਬਰ ਮਹੀਨੇ 'ਚ 1,32,199 ਇਕਾਈਆਂ ਦਾ ਉਤਪਾਦਨ ਕੀਤਾ, ਜਦੋਂਕਿ ਇਕ ਸਾਲ ਪਹਿਲਾਂ ਇਸੇ ਮਹੀਨੇ 'ਚ ਇਹ ਗਿਣਤੀ 1,60,219 ਇਕਾਈ ਸੀ। ਪਿਛਲੇ ਮਹੀਨੇ ਯਾਤਰੀ ਵਾਹਨਾਂ ਦਾ ਉਤਪਾਦਨ ਸਾਲਾਨਾ ਆਧਾਰ 'ਤੇ 17.37 ਫੀਸਦੀ ਘਟ ਕੇ 1,30,264 ਇਕਾਈ ਰਿਹਾ, ਜਦੋਂਕਿ ਸਤੰਬਰ, 2018 'ਚ ਇਹ ਗਿਣਤੀ 1,57,659 ਇਕਾਈ ਸੀ।

ਕੰਪਨੀ ਦੀ ਆਲਟੋ, ਨਿਊ ਵੈਗਨਾਰ, ਸਿਲੇਰੀਓ, ਇਗਨਿਸ, ਸਵਿਫਟ, ਬੋਲੇਨੋ ਅਤੇ ਡਿਜ਼ਾਇਰ ਸਮੇਤ ਛੋਟੀਆਂ ਅਤੇ ਕੰਪੈਕਟ ਸੈਕਟਰ ਦੀਆਂ ਕਾਰਾਂ ਦਾ ਉਤਪਾਦਨ ਸਮੀਖਿਆ ਅਧੀਨ ਮਹੀਨੇ 'ਚ 98,337 ਇਕਾਈ ਰਿਹਾ, ਜੋ ਪਿਛਲੇ ਸਾਲ ਇਸੇ ਮਹੀਨੇ 'ਚ 1,15,576 ਇਕਾਈ ਸੀ। ਇਸੇ ਤਰ੍ਹਾਂ ਵਿਟਾਰਾ ਬਰੇਜ਼ਾ, ਅਰਟਿਗਾ ਤੇ ਐੱਸ-ਕਰਾਸ ਵਰਗੇ ਲਾਭਦਾਇਕ ਵਾਹਨਾਂ ਦਾ ਉਤਪਾਦਨ 17.05 ਫੀਸਦੀ ਘਟ ਕੇ ਇਸ ਸਾਲ ਸਤੰਬਰ 'ਚ 18,435 ਇਕਾਈ ਰਿਹਾ, ਜਦੋਂਕਿ ਪਿਛਲੇ ਸਾਲ ਇਸੇ ਮਹੀਨੇ 'ਚ 22,226 ਇਕਾਈਆਂ ਦਾ ਉਤਪਾਦਨ ਹੋਇਆ ਸੀ।

ਅਗਸਤ ਮਹੀਨੇ 'ਚ ਕੰਪਨੀ ਨੇ ਉਤਪਾਦਨ 33.99 ਫੀਸਦੀ ਘੱਟ ਕੀਤਾ ਸੀ। ਕੰਪਨੀ ਨੇ ਉਸ ਦੌਰਾਨ 1,11,370 ਵਾਹਨਾਂ ਦਾ ਉਤਪਾਦਨ ਕੀਤਾ ਸੀ। ਟਾਟਾ ਮੋਟਰਸ ਦੇ ਯਾਤਰੀ ਵਾਹਨਾਂ ਦਾ ਉਤਪਾਦਨ ਵੀ ਇਸ ਸਾਲ ਸਤੰਬਰ 'ਚ 63 ਫੀਸਦੀ ਘਟ ਕੇ 6976 ਇਕਾਈ ਰਿਹਾ, ਜੋ ਪਿਛਲੇ ਸਾਲ ਇਸੇ ਮਹੀਨੇ 18,855 ਇਕਾਈ ਸੀ। ਮਾਰੂਤੀ ਸੁਜ਼ੂਕੀ, ਹੁੰਡਈ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਸ, ਟੋਇਟਾ ਅਤੇ ਹੋਂਡਾ ਸਮੇਤ ਸਾਰੀਆਂ ਵੱਡੀਆਂ ਵਾਹਨ ਕੰਪਨੀਆਂ ਦੀ ਘਰੇਲੂ ਵਿਕਰੀ 'ਚ ਦਹਾਈ ਅੰਕ 'ਚ ਗਿਰਾਵਟ ਦਰਜ ਕੀਤੀ ਗਈ। ਤਿਉਹਾਰ ਸ਼ੁਰੂ ਹੋਣ ਦੇ ਬਾਵਜੂਦ ਵਾਹਨਾਂ ਦੀ ਮੰਗ ਸੁਸਤ ਹੈ।

Karan Kumar

This news is Content Editor Karan Kumar