ਕੰਪਨੀਆਂ ਦੇ ਤਿਮਾਹੀ ਨਤੀਜਿਆਂ ਨਾਲ ਤੈਅ ਹੋਵੇਗੀ ਬਾਜ਼ਾਰ ਦੀ ਦਿਸ਼ਾ

07/15/2018 12:52:13 PM

ਨਵੀਂ ਦਿੱਲੀ—ਹਿੰਦੂਸਤਾਨ ਯੂਨੀਲੀਵਰ ਅਤੇ ਕੋਟਕ ਮਹਿੰਦਰਾ ਬੈਂਕ ਵਰਗੀਆਂ ਵੱਡੀਆਂ ਕੰਪਨੀਆਂ ਦੇ ਤਿਮਾਹੀ ਨਤੀਜੇ, ਮੁਦਰਾਸਫੀਤੀ ਦੇ ਅੰਕੜੇ, ਕੱਚੇ ਤੇਲ ਦੀਆਂ ਕੀਮਤਾਂ 'ਚ ਉਤਾਰ-ਚੜ੍ਹਾਅ ਅਤੇ ਸੰਸਾਰਕ ਰੁਖ ਹਫਤੇ ਦੌਰਾਨ ਸ਼ੇਅਰ ਬਾਜ਼ਾਰ ਦੀ ਚਾਲ ਤੈਅ ਕਰਨਗੇ। ਬਾਜ਼ਾਰ ਵਿਸ਼ੇਸ਼ਕਾਂ ਨੇ ਇਹ ਅਨੁਮਾਨ ਜਤਾਇਆ। ਕੰਪਨੀਆਂ ਦੇ ਤਿਮਾਹੀ ਨਤੀਜਿਆਂ 'ਤੇ ਧਿਆਨ ਲੱਗਿਆ ਰਹੇਗਾ। ਉੱਧਰ, ਸੰਸਾਰਕ ਮੋਰਚੇ 'ਤੇ, ਬਾਜ਼ਾਰ ਅਮਰੀਕਾ ਅਤੇ ਚੀਨ ਦੇ ਵਿਚਕਾਰ ਜਾਰੀ ਵਪਾਰ ਗਤੀਰੋਧ ਨਰਮ ਪੈਣ ਦੀ ਉਮੀਦ ਕਰ ਰਿਹਾ ਹੈ। ਕੋਟਕ ਸਕਿਓਰਟੀਜ਼ ਦੇ ਉੱਪ ਪ੍ਰਧਾਨ ਸੰਜੀਵ ਜਰਵਾਦੇ ਨੇ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ 'ਤੇ ਥੋੜ੍ਹਾ ਸੁਧਾਰ ਹੋਇਆ ਹੈ ਅਤੇ ਜੇਕਰ ਕੀਮਤਾਂ 'ਚ ਹੋਰ ਕੁਝ ਨਰਮੀ ਆਉਂਦੀ ਹੈ ਤਾਂ ਇਹ ਸੰਸਾਰਕ ਬਾਜ਼ਰਾਂ ਲਈ ਹਾਂ-ਪੱਖੀ ਹੋਵੇਗਾ। ਸੈਮਕੋ ਸਕਿਓਰਟੀਜ਼ ਦੇ ਸੰਸਥਾਪਕ ਅਤੇ ਸੀ.ਈ.ਓ. ਜਿਮੀਤ ਮੋਦੀ ਨੇ ਕਿਹਾ ਕਿ ਕੰਪਨੀਆਂ ਦੇ ਤਿਮਾਹੀ ਨਤੀਜੇ ਜਾਰੀ ਹੋਣ ਦਾ ਸੈਸ਼ਨ ਅਜੇ ਸ਼ੁਰੂ ਹੋਇਆ ਹੈ। ਵਰਤਮਾਨ 'ਚ ਬਾਜ਼ਾਰ ਨੇ ਉੱਡੀਕ ਦਾ ਰੁਖ ਅਪਣਾਇਆ ਹੋਇਆ ਹੈ। ਇਸ ਹਫਤੇ ਹਿੰਦੂਸਤਾਨ ਯੂਨੀਲੀਵਰ, ਕੋਟਕ ਮਹਿੰਦਰਾ ਬੈਂਕ, ਬਜਾਜ ਆਟੋ ਅਤੇ ਵਿਪਰੋ ਦੇ ਨਤੀਜੇ ਆਉਣੇ ਹਨ। ਇਸ ਤੋਂ ਇਲਾਵਾ ਸੋਮਵਾਰ ਨੂੰ ਇੰਫੋਸਿਸ ਦੇ ਸ਼ੇਅਰਾਂ 'ਤੇ ਵੀ ਨਜ਼ਰ ਰਹੇਗੀ ਅਤੇ ਕਿਉਂਕਿ ਕੰਪਨੀ ਦਾ ਏਕੀਕ੍ਰਿਤ ਸ਼ੁੱਧ ਲਾਭ ਚਾਲੂ ਵਿੱਤ ਸਾਲ ਦੀ ਜੂਨ ਤਿਮਾਹੀ 'ਚ 3.7 ਫੀਸਦੀ ਵਧ ਕੇ 3,612 ਕਰੋੜ ਰੁਪਏ ਹੋ ਗਿਆ। ਕੰਪਨੀ ਦਾ ਤਿਮਾਹੀ ਨਤੀਜਾ ਸ਼ੁੱਕਰਵਾਰ ਨੂੰ ਬਾਜ਼ਾਰ ਬੰਦ ਹੋਣ ਤੋਂ ਬਾਅਦ ਆਇਆ। ਐੱਚ.ਡੀ.ਐੱਫ.ਸੀ. ਸਕਿਓਰਟੀਜ਼ ਦੇ ਕੈਪੀਟਲ ਮਾਰਕਿਟ ਸਟ੍ਰੈਟਜੀ ਐਂਡ ਪ੍ਰਾਈਵੇਟ ਕਲਾਇੰਟ ਗਰੁੱਪ ਦੇ ਮੁਖੀ ਵੀ. ਕੇ. ਸ਼ਰਮਾ ਨੇ ਕਿਹਾ ਕਿ ਸੰਸਾਰਕ ਆਰਥਿਕ ਅੰਕੜਿਆ ਦੇ ਮੋਰਚੇ 'ਤੇ, ਚੀਨ ਇਸ ਹਫਤੇ ਆਪਣੀ ਦੂਜੀ ਤਿਮਾਹੀ ਦੇ ਜੀ.ਡੀ.ਪੀ. ਅੰਕੜਿਆ ਦਾ ਐਲਾਨ ਕਰੇਗਾ। ਪਿਛਲੇ ਹਫਤੇ ਸੈਂਸੈਕਸ 883.77 ਅੰਕ ਭਾਵ 2.48 ਫੀਸਦੀ ਦੇ ਮਹੱਤਵਪੂਰਨ ਵਾਧੇ ਨਾਲ 36,541.63 ਅੰਕ 'ਤੇ ਬੰਦ ਹੋਇਆ।