ਬਜਟ ਤੇ ਕੰਪਨੀਆਂ ਦੇ ਤਿਮਾਹੀ ਨਤੀਜੇ ਤੈਅ ਕਰਨਗੇ ਬਾਜ਼ਾਰ ਦੀ ਦਿਸ਼ਾ
Sunday, Jan 28, 2018 - 01:10 PM (IST)
ਮੁੰਬਈ— ਪਿਛਲੇ ਹਫਤੇ ਡੇਢ ਫੀਸਦੀ ਤੋਂ ਵਧ ਦੀ ਛਲਾਂਗ ਲਾ ਕੇ ਰਿਕਾਰਡ ਪੱਧਰ 'ਤੇ ਪਹੁੰਚੇ ਸ਼ੇਅਰ ਬਾਜ਼ਾਰ ਦੀ ਚਾਲ ਅਗਲੇ ਹਫਤੇ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ, ਕੰਪਨੀਆਂ ਦੇ ਤਿਮਾਹੀ ਨਤੀਜੇ ਅਤੇ ਕੌਮਾਂਤਰੀ ਰੁਖ਼ ਤੈਅ ਕਰਨਗੇ। ਅਗਾਮੀ ਹਫਤੇ 29 ਜਨਵਰੀ ਨੂੰ ਬਜਟ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਇਹ 9 ਫਰਵਰੀ ਤਕ ਚੱਲੇਗਾ। ਸੈਸ਼ਨ ਦੇ ਪਹਿਲੇ ਦਿਨ ਆਰਥਿਕ ਸਰਵੇ ਵੀ ਪੇਸ਼ ਕੀਤਾ ਜਾਣਾ ਹੈ ਅਤੇ 1 ਫਰਵਰੀ ਨੂੰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਆਮ ਬਜਟ ਪੇਸ਼ ਕਰਨਗੇ। ਬਜਟ ਸੈਸ਼ਨ ਦਾ ਦੂਜਾ ਪੜਾਅ ਪੰਜ ਮਾਰਚ ਤੋਂ ਛੇ ਅਪ੍ਰੈਲ ਤਕ ਚੱਲੇਗਾ। ਅਗਲੇ ਹਫਤੇ ਐੱਚ. ਡੀ. ਐੱਫ. ਸੀ. ਅਤੇ ਟੈੱਕ ਮਹਿੰਦਰਾ ਵਰਗੀਆਂ ਵੱਡੀਆਂ ਕੰਪਨੀਆਂ ਦੇ ਤਿਮਾਹੀ ਨਤੀਜੇ ਜਾਰੀ ਕੀਤੇ ਜਾਣ ਵਲੇ ਹਨ। ਇਸ ਨਾਲ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦਾ ਰੁਝਾਨ, ਵਾਹਨ ਵਿਕਰੀ ਦੇ ਅੰਕੜੇ ਅਤੇ ਪੀ. ਐੱਮ. ਆਈ. ਦੇ ਅੰਕੜੇ ਵੀ ਸ਼ੇਅਰ ਬਾਜ਼ਾਰ ਨੂੰ ਪ੍ਰਭਾਵਿਤ ਕਰਨਗੇ।
ਕੌਮਾਂਤਰੀ ਤੇਜ਼ੀ ਵਿਚਕਾਰ ਦਿੱਗਜ ਕੰਪਨੀਆਂ ਦੇ ਬਿਹਤਰ ਤਿਮਾਹੀ ਨਤੀਜਿਆਂ, ਕੌਮਾਂਤਰੀ ਮੁਦਰਾ ਫੰਡ ਦੀ ਸਕਾਰਾਤਮਕ ਰਿਪੋਰਟ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੇ ਮਜ਼ਬੂਤ ਨਿਵੇਸ਼ ਦੇ ਦਮ 'ਤੇ ਪਿਛਲੇ ਹਫਤੇ ਸ਼ੇਅਰ ਬਾਜ਼ਾਰ ਨੇ ਜ਼ਬਰਦਸਤ ਛਲਾਂਗ ਲਾਈ। ਮਜ਼ਬੂਤ ਨਿਵੇਸ਼ ਧਾਰਣਾ ਦੇ ਦਮ 'ਤੇ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਪਹਿਲੀ ਵਾਰ 36000 ਅੰਕ ਅਤੇ ਨਿਫਟੀ 11000 ਅੰਕ ਦੇ ਇਤਿਹਾਸਕ ਪੱਧਰ 'ਤੇ ਪਹੁੰਚੇ। ਬੀਤੇ ਹਫਤੇ ਸ਼ੇਅਰ ਬਾਜ਼ਾਰ 'ਚ ਚਾਰ ਦਿਨ ਕਾਰੋਬਾਰ ਹੋਇਆ। ਸ਼ੁੱਕਰਵਾਰ ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਬਾਜ਼ਾਰ ਬੰਦ ਰਿਹਾ। ਹਫਤੇ 'ਚ ਤਿੰਨ ਦਿਨ ਸ਼ੇਅਰ ਬਾਜ਼ਾਰ 'ਚ ਤੇਜ਼ੀ ਅਤੇ ਆਖਰੀ ਦਿਨ ਯਾਨੀ ਵੀਰਵਾਰ ਨੂੰ ਗਿਰਾਵਟ ਰਹੀ। ਕਾਰੋਬਾਰ ਦੇ ਆਖਰੀ ਦਿਨ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਦੀ ਲਗਾਤਾਰ ਜਾਰੀ ਤੇਜ਼ੀ ਥਮ ਗਈ ਸੀ। ਨਿਵੇਸ਼ਕਾਂ ਦੀ ਮੁਨਾਫਾ ਵਸੂਲੀ, ਜਨਵਰੀ ਡੈਰੇਵੇਟਿਵ ਦੇ ਖਤਮ ਹੋਣ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਨੂੰ ਦੇਖਦੇ ਹੋਏ ਨਿਵੇਸ਼ਕਾਂ ਨੇ ਚੌਕਸੀ ਵਰਤੀ, ਜਿਸ ਨਾਲ ਸੈਂਸੈਕਸ ਅਤੇ ਨਿਫਟੀ ਗਿਰਾਵਟ ਨਾਲ ਬੰਦ ਹੋਏ।
