‘ਅਡਾਨੀ ਗਰੁੱਪ ਦੀਆਂ ਕਈ ਕੰਪਨੀਆਂ ਸੇਬੀ ਅਤੇ ਡੀ. ਆਰ. ਆਈ. ਦੀ ਜਾਂਚ ਦੇ ਘੇਰੇ ਵਿਚ’

07/20/2021 11:49:41 AM

ਨਵੀਂ ਦਿੱਲੀ (ਇੰਟ.) – ਅਡਾਨੀ ਗਰੁੱਪ ਦੀਆਂ ਕਈ ਕੰਪਨੀਆਂ ਸੇਬੀ ਦੀ ਜਾਂਚ ਦੇ ਘੇਰੇ ’ਚ ਹਨ। ਅੱਜ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਸਰਕਾਰ ਨੇ ਸਦਨ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। 19 ਜੁਲਾਈ ਨੂੰ ਸਦਨ ’ਚ ਲਿਖਤੀ ਤੌਰ ’ਤੇ ਦਿੱਤੇ ਜਵਾਬ ’ਚ ਵਿੱਤ ਮੰਤਰੀ ਪੰਕਜ ਚੌਧਰੀ ਨੇ ਕਿਹਾ ਕਿ ਅਡਾਨੀ ਗਰੁੱਪ ਦੀਆਂ ਕਈ ਕੰਪਨੀਆਂ ਦੀ ਸੇਬੀ ਅਤੇ ਸਰਕਾਰ ਦੀ ਡਾਇਰੈਕਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਜਾਂਚ ਕਰ ਰਹੀ ਹੈ। ਇਹ ਖਬਰ ਆਉਣ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਨੇ ਗਿਰਾਵਟ ਦਾ ਨਵਾਂ ਪੱਧਰ ਬਣਾਇਆ ਹੈ।

ਚੌਧਰੀ ਨੇ ਦੱਸਿਆ ਕਿ ਸੇਬੀ ਅਡਾਨੀ ਗਰੁੱਪ ਦੀਆਂ ਕਈ ਕੰਪਨੀਆਂ ਦੀ ਜਾਂਚ ਕਰ ਰਿਹਾ ਹੈ। ਕੰਪਨੀਆਂ ’ਤੇ ਸੇਬੀ ਦੇ ਨਿਯਮਾਂ ਦੀ ਉਲੰਘਣਾ ਦਾ ਸ਼ੱਕ ਹੈ। ਇਸ ਤੋਂ ਇਲਾਵਾ ਡੀ. ਆਰ. ਆਈ. ਵੀ ਇਨ੍ਹਾਂ ਕੰਪਨੀਆਂ ਦੀ ਜਾਂਚ ਕਰ ਰਿਹਾ ਹੈ। ਹਾਲਾਂਕਿ ਚੌਧਰੀ ਨੇ ਇਹ ਵੀ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਇਨ੍ਹਾਂ ਕੰਪਨੀਆਂ ਦੀ ਜਾਂਚ ਨਹੀਂ ਕਰ ਰਿਹਾ ਹੈ।

ਸ਼ੇਅਰ ਬਾਜ਼ਾਰ ’ਚ ਅਡਾਨੀ ਗਰੁੱਪ ਦੀਆਂ 5 ਕੰਪਨੀਆਂ ਲਿਸਟਿਡ ਹਨ। ਵਿੱਤ ਮੰਤਰਾਲਾ ਨੇ ਇਹ ਵੀ ਦੱਸਿਆ ਕਿ ਤਿੰਨ ਫਾਰੇਨ ਪੋਰਟਫੋਲੀਓ ਫੰਡਸ ਅਲਬੁਲਾ ਇਨਵੈਸਟਮੈਂਟ ਫੰਡ, ਕ੍ਰੇਸਟਾ ਫੰਡ ਲਿਮਟਿਡ ਅਤੇ ਏ. ਪੀ. ਐੱਮ. ਐੱਸ. ਇਨਵੈਸਟਮੈਂਟ ਫੰਡ ਦਾ ਅਕਾਊਂਟ ਸੇਬੀ ਨੇ ਫ੍ਰੀਜ਼ ਕਰ ਦਿੱਤਾ ਸੀ। ਇਹ ਖਬਰ ਪਹਿਲਾਂ ਵੀ ਆਈ ਸੀ ਪਰ ਇਸ ਤੋਂ ਬਾਅਦ ਐੱਨ. ਐੱਸ. ਡੀ. ਐੱਲ. ਵਲੋਂ ਇਹ ਸਫਾਈ ਪੇਸ਼ ਕੀਤੀ ਗਈ ਸੀ ਕਿ ਇਹ ਅਕਾਊਂਟ ਫ੍ਰੀਜ਼ ਨਹੀਂ ਕੀਤੇ ਗਏ ਸਨ।

Harinder Kaur

This news is Content Editor Harinder Kaur