ਮਹਾਰਾਸ਼ਟਰ ਨੇ 3 ਚੀਨੀ ਕੰਪਨੀਆਂ ਨਾਲ ਕੀਤਾ ਨਿਵੇਸ਼ ਦਾ ਸਮਝੌਤਾ

06/17/2020 6:23:28 PM

ਮੁੰਬਈ— ਮਹਾਰਾਸ਼ਟਰ ਸਰਕਾਰ ਨੇ ਚੀਨ ਦੀਆਂ ਤਿੰਨ ਕੰਪਨੀਆਂ ਸਮੇਤ ਵੱਖ-ਵੱਖ ਦੇਸ਼ਾਂ ਦੀਆਂ 12 ਕੰਪਨੀਆਂ ਨਾਲ ਕੁੱਲ ਮਿਲਾ ਕੇ 16,000 ਕਰੋੜ ਰੁਪਏ ਦੇ ਨਿਵੇਸ਼ ਦੇ ਸਮਝੌਤੇ ਕੀਤੇ ਹਨ। ਇਕ ਅਧਿਕਾਰਤ ਬਿਆਨ ਮੁਤਾਬਕ, ਤਿੰਨ ਚੀਨੀ ਕੰਪਨੀਆਂ ਨੇ ਕੁੱਲ ਮਿਲਾ ਕੇ 5,000 ਕਰੋੜ ਰੁਪਏ ਦੇ ਨਿਵੇਸ਼ ਦਾ ਪ੍ਰਸਤਾਵ ਕੀਤਾ ਹੈ।

ਹਾਲਾਂਕਿ, ਇਹ ਸਮਝੌਤੇ ਭਾਰਤ ਤੇ ਚੀਨ ਦੇ ਫੌਜੀਆਂ ਵਿਚਕਾਰ ਲਦਾਖ 'ਚ ਗਲਵਾਨ ਘਾਟੀ 'ਚ ਹਿੰਸਕ ਝੜਪ ਹੋਣ ਦੇ ਕੁਝ ਹੀ ਘੰਟੇ ਪਹਿਲਾਂ ਸੋਮਵਾਰ ਨੂੰ 'ਮੈਗਨੇਟਿਕ ਮਹਾਰਾਸ਼ਟਰ 2.0' ਸੰਮੇਲਨ 'ਚ ਹੋਏ। ਸਰਹੱਦ 'ਤੇ ਖੂਨੀ ਝੜਪ 'ਚ 20 ਭਾਰਤੀ ਜਵਾਨ ਸ਼ਹੀਦ ਹੋਏ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਚੀਨੀ ਕੰਪਨੀਆਂ 'ਚ ਹੈਂਗਲੀ ਇੰਜੀਨੀਅਰਿੰਗ, ਪੀ. ਐੱਮ. ਆਈ. ਇਲੈਕਟਰੋ ਮੋਬੀਲਿਟੀ ਸਲਿਊਸ਼ਨਜ਼ ਦਾ ਫੋਟੋਨ ਨਾਲ ਸੰਯੁਕਤ ਉੱਦਮ ਹੈ ਅਤੇ ਤੀਜੀ ਕੰਪਨੀ ਗ੍ਰੇਟ ਵਾਲ ਮੋਟਰਜ਼ ਹੈ। ਇਹ ਸਾਰੀਆਂ ਪੁਣੇ ਜ਼ਿਲ੍ਹੇ ਦੇ ਤਾਲੇਗਾਓਂ 'ਚ ਨਿਵੇਸ਼ ਕਰਨਗੀਆਂ। ਇਨ੍ਹਾਂ ਹੈਂਗਲੀ ਇੰਜੀਨੀਅਰਿੰਗ 250 ਕਰੋੜ ਰੁਪਏ ਦਾ ਨਿਵੇਸ਼ ਕਰੇਗੀ, ਜਦੋਂ ਕਿ ਪੀ. ਐੱਮ. ਆਈ. ਆਟੋਮੋਬਾਇਲ ਖੇਤਰ 'ਚ 1,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਉੱਥੇ ਹੀ, ਗ੍ਰੇਟ ਵਾਲ ਮੋਟਰਜ਼ 3,770 ਕਰੋੜ ਰੁਪਏ ਦੇ ਨਿਵੇਸ਼ ਨਾਲ ਆਟੋਮੋਬਾਇਲ ਕੰਪਨੀ ਸਥਾਪਿਤ ਕਰੇਗੀ। ਇਸ ਤੋਂ ਇਲਾਵਾ ਦੂਜੇ ਦੇਸ਼ਾਂ ਤੋਂ ਅਮਰੀਕਾ, ਸਿੰਗਾਪੁਰ ਤੇ ਦੱਖਣੀ ਕੋਰੀਆਂ ਦੀ ਕੰਪਨੀਆਂ ਸ਼ਾਮਲ ਹਨ।

Sanjeev

This news is Content Editor Sanjeev