25 ਰੁਪਏ ਲਿਟਰ ''ਤੇ ਕਿਸਾਨਾਂ ਤੋਂ ਦੁੱਧ ਖਰੀਦਣਾ ਜਾਰੀ ਰੱਖੇਗਾ ਮਹਾਰਾਸ਼ਟਰ

06/29/2020 10:33:17 PM

ਮੁੰਬਈ : ਮਹਾਰਾਸ਼ਟਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸੁਨੀਲ ਕੇਦਾਰ ਨੇ ਸੋਮਵਾਰ ਨੂੰ ਕਿਹਾ ਕਿ ਸੂਬਾ ਸਰਕਾਰ 31 ਜੁਲਾਈ ਤੱਕ 25 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਕਿਸਾਨਾਂ ਤੋਂ ਦੁੱਧ ਦੀ ਖਰੀਦ ਜਾਰੀ ਰੱਖੇਗੀ ਤਾਂ ਜੋ ਤਾਲਾਬੰਦੀ ਦੀ ਸਥਿਤੀ ਵਿਚ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ।

ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਨੇ ਖਰੀਦ ਜਾਰੀ ਰੱਖਣ ਲਈ ਉਨ੍ਹਾਂ ਦੇ ਮੰਤਰਾਲਾ ਵੱਲੋਂ ਮੰਗੀ ਕੋਈ ਸਹਾਇਤਾ ਮੁਹੱਈਆ ਨਹੀਂ ਕਰਵਾਈ।

ਮੰਤਰੀ ਨੇ ਕਿਹਾ, "ਮੈਂ ਕੇਂਦਰ ਨੂੰ ਬੇਨਤੀ ਕੀਤੀ ਕਿ ਉਹ 25 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਦੁੱਧ ਦੀ ਖਰੀਦ ਜਾਰੀ ਰੱਖਣ ਲਈ ਰਾਜ ਸਰਕਾਰ ਨੂੰ ਕੁਝ ਸਹਾਇਤਾ ਪ੍ਰਦਾਨ ਕਰੇ, ਪਰ ਸਾਨੂੰ ਕੋਈ ਸਹਾਇਤਾ ਨਹੀਂ ਮਿਲੀ।" ਉਨ੍ਹਾਂ ਕਿਹਾ ਕਿ ਵਿੱਤੀ ਬੋਝ ਦੇ ਬਾਵਜੂਦ ਸਰਕਾਰ ਹਰ ਰੋਜ਼ 10 ਲੱਖ ਲਿਟਰ ਦੁੱਧ ਕਿਸਾਨਾਂ ਤੋਂ ਖਰੀਦਣਾ ਜਾਰੀ ਰੱਖੇਗੀ। ਮੰਤਰੀ ਨੇ ਕਿਹਾ, "ਸਾਨੂੰ 25 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਦੁੱਧ ਖਰੀਦਣਾ ਜਾਰੀ ਰੱਖਣਾ ਚਾਹੀਦਾ ਹੈ ਤਾਂ ਜੋ ਸਹਿਕਾਰੀ ਡੇਅਰੀਆਂ ਅਤੇ ਪ੍ਰਾਈਵੇਟ ਕੰਪਨੀਆਂ ਕਿਸਾਨਾਂ ਨੂੰ ਇਕੋ ਰੇਟ ਦੀ ਪੇਸ਼ਕਸ਼ ਕਰਨ ਲਈ ਮਜਬੂਰ ਹੋਣ।" ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਕੋਵਿਡ-19 ਮਹਾਮਾਰੀ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਸੂਬੇ ਵਿਚ ਕੋਈ ਹੋਰ ਛੋਟ ਦਿੱਤੇ ਬਿਨਾਂ 31 ਜੁਲਾਈ ਤੱਕ ਤਾਲਾਬੰਦੀ ਵਧਾ ਦਿੱਤੀ ਹੈ।


Sanjeev

Content Editor

Related News