LTCG ਟੈਕਸ ਜ਼ਰੀਏ ਖਜ਼ਾਨੇ ''ਚ ਆਉਣਗੇ 40 ਹਜ਼ਾਰ ਕਰੋੜ

02/05/2018 11:14:49 AM

ਨਵੀਂ ਦਿੱਲੀ— ਸਰਕਾਰ ਨੂੰ ਉਮੀਦ ਹੈ ਕਿ ਸ਼ੇਅਰਾਂ 'ਚ ਨਿਵੇਸ਼ 'ਤੇ ਲਾਂਗ ਟਰਮ ਕੈਪੀਟਲ ਗੇਨ ਟੈਕਸ (ਐੱਲ. ਟੀ. ਸੀ. ਜੀ.) ਟੈਕਸ ਤੋਂ 2019-20 'ਚ ਉਸ ਨੂੰ 40,000 ਕਰੋੜ ਰੁਪਏ ਤਕ ਦਾ ਰੈਵੇਨਿਊ ਪ੍ਰਾਪਤ ਹੋ ਸਕਦਾ ਹੈ। ਵਿੱਤ ਮੰਤਰਾਲੇ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਸ਼ੇਅਰ ਨਿਵੇਸ਼ ਦੇ ਪੁਰਾਣੇ ਮਾਮਲਿਆਂ 'ਚ ਨਿਵੇਸ਼ 'ਤੇ ਐੱਲ. ਟੀ. ਸੀ. ਜੀ. ਤੋਂ ਛੋਟ ਦਾ ਪ੍ਰਭਾਵ ਖਤਮ ਹੋਣ 'ਤੇ ਇਸ ਦੇ ਦਾਇਰੇ 'ਚ ਆਉਣ ਵਾਲੇ ਸੌਦਿਆਂ ਦੀ ਗਿਣਤੀ ਵਧੇਗੀ ਅਤੇ ਟੈਕਸ ਕੁਲੈਕਸ਼ਨ 'ਚ ਵਾਧਾ ਹੋਵੇਗਾ।
ਐੱਲ. ਟੀ. ਸੀ. ਜੀ. ਤਹਿਤ ਇਕ ਸਾਲ ਤੋਂ ਵਧ ਦੇ ਸ਼ੇਅਰ ਨਿਵੇਸ਼ ਨੂੰ ਲੰਮੀ ਮਿਆਦ ਦੀ ਨਿਵੇਸ਼ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ। ਇਸ ਨੂੰ ਫਿਰ ਤੋਂ ਲਾਗੂ ਕਰਨ ਨੂੰ ਸਹੀ ਦੱਸਦੇ ਹੋਏ ਵਿੱਤ ਸਕੱਤਰ ਹਸਮੁਖ ਅਧਿਆ ਨੇ ਕਿਹਾ ਕਿ ਜੇਕਰ ਮਿਹਨਤ ਕਰਨ ਵਾਲਾ ਤਨਖਾਹ ਧਾਰਕ ਵਰਗ 30 ਫੀਸਦੀ ਦੀ ਦਰ ਨਾਲ ਟੈਕਸ ਭਰਦਾ ਹੈ, ਤਾਂ ਸ਼ੇਅਰ ਬਾਜ਼ਾਰ 'ਚ ਭਾਰੀ ਮੁਨਾਫਾ ਕਮਾਉਣ ਵਾਲਿਆਂ ਨੂੰ ਵੀ ਟੈਕਸ 'ਚ ਲਿਆਉਣਾ ਸਹੀ ਹੈ।

ਉਨ੍ਹਾਂ ਨੇ ਕਿਹਾ ਕਿ ਮੁਲਾਂਕਣ ਸਾਲ 2017-18 ਲਈ ਦਾਖਲ ਇਨਕਮ ਟੈਕਸ ਵੇਰਵੇ ਅਨੁਸਾਰ ਸੂਚੀਬੱਧ ਸ਼ੇਅਰਾਂ 'ਤੇ 3.67 ਲੱਖ ਕਰੋੜ ਰੁਪਏ ਦੇ ਲਾਭ ਨੂੰ ਟੈਕਸ ਤੋਂ ਛੋਟ ਦਿੱਤੀ ਗਈ ਸੀ। ਅਧਿਆ ਨੇ ਕਿਹਾ ਕਿ ਅਸੀਂ ਇਸੇ ਸਾਲ ਇਸ ਬਾਰੇ ਰਿਪੋਰਟ ਮੰਗਣੀ ਸ਼ੁਰੂ ਕੀਤੀ। ਸਾਨੂੰ ਇਹ ਹੈਰਾਨ ਕਰਨ ਵਾਲੀ ਗੱਲ ਦਿਸੀ ਕਿ 3.67 ਲੱਖ ਕਰੋੜ ਰੁਪਏ ਦੀ ਭਾਰੀ ਆਮਦਨ ਨੂੰ ਛੋਟ ਵਾਲੀ ਕਮਾਈ ਦੇ ਰੂਪ 'ਚ ਦਿਖਾਇਆ ਗਿਆ। ਕੀ ਇਹ ਕੁਝ ਜ਼ਿਆਦਾ ਨਹੀਂ ਹੈ? ਉਨ੍ਹਾਂ ਨੇ ਕਿਹਾ ਕਿ ਤੁਸੀਂ ਕਲਪਨਾ ਕਰੋ, ਜੇਕਰ ਤੁਸੀਂ ਸੈਲੇਰੀਡ ਹੋ ਤਾਂ ਤੁਸੀਂ ਇੰਨਾ ਕਮਾਇਆ ਹੁੰਦਾ ਤਾਂ ਤੁਹਾਨੂੰ ਇਸ 'ਤੇ 30 ਫੀਸਦੀ ਦੀ ਦਰ ਨਾਲ ਟੈਕਸ ਭਰਨਾ ਪੈਂਦਾ।
ਉਨ੍ਹਾਂ ਨੇ ਕਿਹਾ ਕਿ ਪਹਿਲੇ ਸਾਲ ਐੱਲ. ਟੀ. ਸੀ. ਜੀ. ਟੈਕਸ ਤੋਂ 20,000 ਕਰੋੜ ਰੁਪਏ ਦੀ ਵਸੂਲੀ ਹੋਣ ਦੀ ਉਮੀਦ ਹੈ ਕਿਉਂਕਿ ਪਹਿਲਾਂ ਕੀਤੇ ਗਏ ਨਿਵੇਸ਼ 'ਤੇ ਬਾਜ਼ਾਰ ਦੇ ਹਿਸਾਬ ਨਾਲ ਹੋਏ ਲਾਭ ਨੂੰ ਇਕ ਨਿਸ਼ਚਤ ਤਰੀਕ ਤਕ ਨਵੀਂ ਵਿਵਸਥਾ ਤੋਂ ਮੁਕਤ ਰੱਖਿਆ ਗਿਆ ਹੈ। ਅਗਲੇ ਮਾਲੀ ਵਰ੍ਹੇ (2019-20) 'ਚ ਇਹ 40,000 ਕਰੋੜ ਰੁਪਏ ਹੋ ਸਕਦਾ ਹੈ। ਵਿੱਤ ਮੰਤਰੀ ਜੇਤਲੀ ਨੇ ਇਸ ਵਾਰ ਦੇ ਬਜਟ 'ਚ ਇਕ ਲੱਖ ਰੁਪਏ ਤੋਂ ਵਧ ਦੇ ਲਾਭ 'ਤੇ ਇਸ ਟੈਕਸ ਨੂੰ ਫਿਰ ਲਾਗੂ ਕਰ ਦਿੱਤਾ ਹੈ ਪਰ ਪਹਿਲਾਂ ਤੋਂ ਕੀਤੇ ਗਏ ਨਿਵੇਸ਼ 'ਤੇ ਲਾਭ ਦਾ ਮੁਲਾਂਕਣ ਸ਼ੇਅਰ ਦੇ 31 ਜਨਵਰੀ 2018 ਦੇ ਬਾਜ਼ਾਰ ਬੰਦ ਹੋਣ ਦੇ ਸਮੇਂ ਦੇ ਮੁੱਲ ਦੇ ਆਧਾਰ 'ਤੇ ਕੀਤਾ ਜਾਵੇਗਾ। ਹੁਣ ਤਕ ਸਿਰਫ ਇਕ ਸਾਲ ਤੋਂ ਘੱਟ ਨਿਵੇਸ਼ 'ਚ ਹੋਏ ਲਾਭ 'ਤੇ 15 ਫੀਸਦੀ ਦੀ ਦਰ ਨਾਲ ਟੈਕਸ ਲਗਾਇਆ ਜਾਂਦਾ ਹੈ। ਇਹ ਵਿਵਸਥਾ ਵੀ ਬਣੀ ਰਹੇਗੀ।