ਟਰੰਪ ਦੀ ਭਾਰਤ ਯਾਤਰਾ ਦੌਰਾਨ ਵੱਡੀ ਵਪਾਰ ਡੀਲ ਹੋਣ ਦੀ ਨਹੀਂ ਸੰਭਾਵਨਾ

02/19/2020 2:43:28 PM

ਵਾਸ਼ਿੰਗਟਨ— ਡੋਨਾਲਡ ਟਰੰਪ ਦੀ ਭਾਰਤ ਯਾਤਰਾ ਦੌਰਾਨ ਵਪਾਰ ਸਮਝੌਤਾ ਹੋਣ ਦੀ ਸੰਭਾਵਨਾ ਘੱਟ ਹੈ। ਇਸ ਦਾ ਸੰਕੇਤ ਟਰੰਪ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ, ਭਾਰਤ ਨਾਲ ਵਪਾਰ ਸਮਝੌਤਾ ਕਰ ਸਕਦਾ ਹੈ ਪਰ ਮੈਂ ਇਸ ਵੱਡੀ ਡੀਲ ਨੂੰ ਬਾਅਦ ਲਈ ਬਚਾ ਰਿਹਾ ਹਾਂ।

ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਨੂੰ ਇਸ ਯਾਤਰਾ 'ਚ ਵਪਾਰ ਸਮਝੌਤੇ ਦੀ ਉਮੀਦ ਹੈ, ਟਰੰਪ ਨੇ ਕਿਹਾ ਕਿ ਭਾਰਤ ਨਾਲ ਸਮਝੌਤਾ ਕਰਾਂਗੇ ਪਰ ਮੈਨੂੰ ਨਹੀਂ ਪਤਾ ਕਿ ਇਹ ਨਵੰਬਰ 'ਚ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੋਵੇਗਾ ਜਾਂ ਨਹੀਂ। ਹਾਲਾਂਕਿ, ਇਹ ਕਹਿ ਸਕਦਾ ਹਾਂ ਭਾਰਤ ਨਾਲ ਵੱਡਾ ਵਪਾਰ ਸਮਝੌਤਾ ਕਰਾਂਗੇ ਜ਼ਰੂਰ।

ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਤੋਂ ਭਾਰਤ ਦੇ ਦੋ ਦਿਨਾਂ ਦੌਰਾ 'ਤੇ ਆ ਰਹੇ ਹਨ। ਇਸ ਦੌਰਾਨ ਉਹ ਰਾਜਧਾਨੀ ਨਵੀਂ ਦਿੱਲੀ ਦੇ ਨਾਲ-ਨਾਲ ਗੁਜਰਾਤ 'ਚ ਵੀ ਰੁਕਣਗੇ। ਯੂ. ਐੱਸ. ਰਾਸ਼ਟਰਪਤੀ ਦੇ ਤੌਰ 'ਤੇ ਟਰੰਪ ਦਾ ਇਹ ਪਹਿਲਾ ਦੌਰਾ ਹੋਵੇਗਾ। ਇਸ ਯਾਤਰਾ ਦੌਰਾਨ ਡੋਨਾਲਡ ਟਰੰਪ ਆਪਣੀ ਪਤਨੀ ਨਾਲ ਹੋਣਗੇ। ਗੁਜਰਾਤ ਦੇ ਅਹਿਮਦਾਬਾਦ 'ਚ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ 'ਸਰਦਾਰ ਪਟੇਲ ਸਟੇਡੀਅਮ' ਦਾ ਉਦਘਾਟਨ ਟਰੰਪ ਵੱਲੋਂ ਕੀਤਾ ਜਾ ਸਕਦਾ ਹੈ। ਟਰੰਪ ਨੇ ਕਿਹਾ, ''ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਦੱਸਿਆ ਹੈ ਕਿ ਹਵਾਈ ਅੱਡੇ ਤੇ ਪ੍ਰੋਗਰਾਮ ਦੇ ਆਯੋਜਨ ਸਥਾਨ ਵਿਚਕਾਰ 70 ਲੱਖ ਲੋਕ ਹੋਣਗੇ ਅਤੇ ਇਹ ਸਟੇਡੀਅਮ ਮੈਂ ਜਾਣਦਾ ਹਾਂ ਕਿ ਅਜੇ ਨਿਰਮਾਣ ਅਧੀਨ ਹੈ ਪਰ ਇਹ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੋਵੇਗਾ। ਇਹ ਕਾਫੀ ਉਤਸ਼ਾਹਜਨਕ ਹੋਣ ਵਾਲਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਲੋਕ ਵੀ ਇਸ ਨੂੰ ਪਸੰਦ ਕਰੋਗੇ।''