​​​​​​​ਸਖਤ ਮੁਕਾਬਲੇਬਾਜ਼ੀ ਕਾਰਨ ਘੱਟ ਹੋਈ ਦੂਰਸੰਚਾਰ ਕੰਪਨੀਆਂ ਦੀ ਕਮਾਈ

04/09/2018 9:47:54 AM

ਨਵੀਂ ਦਿੱਲੀ - ਦੂਰਸੰਚਾਰ ਖੇਤਰ 'ਚ ਸਖਤ ਮੁਕਾਬਲੇਬਾਜ਼ੀ ਦੇ ਕਾਰਨ ਇਸ ਖੇਤਰ ਦੀਆਂ ਕੰਪਨੀਆਂ ਦੀ ਕਮਾਈ ਅਜੇ 3-4 ਤਿਮਾਹੀਆਂ ਤੱਕ ਖ਼ਰਾਬ ਹੀ ਰਹਿਣ ਦਾ ਅੰਦਾਜ਼ਾ ਹੈ। ਦੂਰਸੰਚਾਰ ਕੰਪਨੀਆਂ ਦੇ ਸੰਗਠਨ 'ਸੈਲੂਲਰ ਆਪ੍ਰੇਟਰਸ ਐਸੋਸੀਏਸ਼ਨ ਆਫ ਇੰਡੀਆ' (ਸੀ. ਓ. ਏ. ਆਈ.) ਨੇ ਇਹ ਸ਼ੱਕ ਪ੍ਰਟਾਇਆ ਹੈ। ਦੂਰਸੰਚਾਰ ਖੇਤਰ ਦੀਆਂ ਵੱਡੀ ਕੰਪਨੀਆਂ ਆਉਣ ਵਾਲੇ ਹਫਤਿਆਂ 'ਚ ਜਨਵਰੀ-ਮਾਰਚ ਤਿਮਾਹੀ ਦਾ ਨਤੀਜਾ ਐਲਾਨਣ ਵਾਲੀਆਂ ਹਨ।  
ਦੂਰਸੰਚਾਰ ਉਦਯੋਗ 'ਚ ਜਾਰੀ ਜ਼ਬਰਦਸਤ ਮੁਕਾਬਲੇਬਾਜ਼ੀ ਨਾਲ ਦਰਾਂ ਘੱਟ ਹੋਈਆਂ ਹਨ, ਜਿਸ ਨਾਲ ਖਪਤਕਾਰਾਂ ਨੂੰ ਤਾਂ ਫਾਇਦਾ ਹੋਇਆ ਪਰ ਕੰਪਨੀਆਂ ਦਾ ਲਾਭ ਪ੍ਰਭਾਵਿਤ ਹੋਇਆ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੀ ਇਕ ਹਾਲੀਆ ਰਿਪੋਰਟ ਅਨੁਸਾਰ 31 ਦਸੰਬਰ, 2017 ਨੂੰ ਖ਼ਤਮ ਤਿਮਾਹੀ 'ਚ ਸਾਲਾਨਾ ਆਧਾਰ 'ਤੇ ਦੂਰਸੰਚਾਰ ਕੰਪਨੀਆਂ ਦਾ ਕੁੱਲ ਮਾਲੀਆ 8.1 ਫ਼ੀਸਦੀ ਡਿੱਗਾ ਹੈ, ਜਦੋਂ ਕਿ ਸਰਕਾਰ ਨੂੰ ਮਿਲਣ ਵਾਲੀ ਲਾਇਸੈਂਸ ਫੀਸ 16 ਫ਼ੀਸਦੀ ਘੱਟ ਹੋਈ ਹੈ। ਸੀ. ਓ. ਏ. ਆਈ. ਦੇ ਜਨਰਲ ਸਕੱਤਰ ਰਾਜਨ ਮੈਥਿਊਜ਼ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ 'ਚ ਦੂਰਸੰਚਾਰ ਕੰਪਨੀਆਂ ਦਾ ਦਬਾਅ ਘੱਟ ਨਹੀਂ ਹੋਣ ਵਾਲਾ ਹੈ।  ਉਨ੍ਹਾਂ ਕਿਹਾ, ''ਸਖਤ ਮੁਕਾਬਲੇਬਾਜ਼ੀ ਕਾਰਨ ਇਹ ਨਿਸ਼ਚਿਤ ਹੈ ਕਿ ਕਮਾਈ 3-4 ਤਿਮਾਹੀਆਂ ਤੱਕ ਪ੍ਰਭਾਵਿਤ ਹੀ ਰਹੇਗੀ।'' ਮੈਥਿਊਜ਼ ਨੇ ਕਿਹਾ ਕਿ ਦੂਰਸੰਚਾਰ ਕੰਪਨੀਆਂ 2 ਤਰ੍ਹਾਂ ਦੇ ਦਬਾਅ ਦਾ ਸਾਹਮਣਾ ਕਰ ਰਹੀਆਂ ਹਨ। ਪਹਿਲਾ, ਭਾਰੀ ਛੋਟ ਦੀ ਪੇਸ਼ਕਸ਼ ਕਰਨ ਤੋਂ ਬਾਅਦ ਦਰਾਂ 'ਚ ਵਾਧਾ ਕਰਨ ਨਾਲ ਜੁੜਿਆ ਅਤੇ ਦੂਜਾ ਵੱਖ-ਵੱਖ ਸੇਵਾਵਾਂ ਦੇ ਮੁੱਲ ਦੇ ਆਧਾਰ 'ਤੇ ਮੁਕਾਬਲੇਬਾਜ਼ ਹੋਣ 'ਚ ਤੇਜ਼ੀ ਆਉਣਾ।