ਇੰਡੀਅਨ ਆਇਲ ਨੂੰ ਖਰੀਦੇ ਕੱਚੇ ਤੇਲ ''ਤੇ ਨੁਕਸਾਨ ਨਾਲ ਚੌਥੀ ਤਿਮਾਹੀ ''ਚ ਹੋਇਆ 5,185.32 ਕਰੋੜ ਰੁਪਏ ਦਾ ਘਾਟਾ

06/25/2020 12:56:27 AM

ਨਵੀਂ ਦਿੱਲੀ -ਜਨਤਕ ਖੇਤਰ ਦੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ. ਓ. ਸੀ.) ਨੂੰ ਖਤਮ ਵਿੱਤੀ ਸਾਲ 2019-20 ਦੀ ਚੌਥੀ ਤਿਮਾਹੀ 'ਚ 5,185 ਕਰੋੜ ਰੁਪਏ ਤੋਂ ਜ਼ਿਆਦਾ ਦਾ ਘਾਟਾ ਹੋਇਆ ਹੈ। ਕੰਪਨੀ ਨੂੰ ਇਸ ਦੌਰਾਨ ਪਹਿਲਾਂ ਤੋਂ ਖਰੀਦੇ ਗਏ ਕੱਚੇ ਤੇਲ 'ਤੇ ਮੁੱਲ ਘਟਣ ਕਾਰਣ ਭਾਰੀ ਨੁਕਸਾਨ ਚੁੱਕਣਾ ਪਿਆ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ਸੰਜੀਵ ਸਿੰਘ ਨੇ ਦੱਸਿਆ ਕਿ ਪਿਛਲੇ ਵਿੱਤੀ ਸਾਲ 'ਚ ਜਨਵਰੀ ਤੋਂ ਮਾਰਚ 2020 ਦੀ ਚੌਥੀ ਤਿਮਾਹੀ ਦੌਰਾਨ ਕੰਪਨੀ ਨੂੰ 5,185.32 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ, ਜਦੋਂ ਕਿ ਇਕ ਸਾਲ ਪਹਿਲਾਂ ਇਸ ਮਿਆਦ 'ਚ ਕੰਪਨੀ ਨੇ 6,099.27 ਕਰੋੜ ਰੁਪਏ ਦਾ ਸ਼ੁੱਧ ਲਾਭ ਹਾਸਲ ਕੀਤਾ ਸੀ।

ਉਨ੍ਹਾਂ ਕਿਹਾ ਕਿ ਮੁੱਖ ਤੌਰ 'ਤੇ ਕੰਪਨੀ ਕੋਲ ਜਮ੍ਹਾ ਕੱਚੇ ਤੇਲ ਦਾ ਮੁੱਲ ਡਿੱਗਣ ਅਤੇ ਰਿਫਇਨਰੀ ਮਾਰਜਨ ਘਟਣ ਦੀ ਵਜ੍ਹਾ ਨਾਲ ਇਹ ਘਾਟਾ ਹੋਇਆ। ਉਨ੍ਹਾਂ ਦੱਸਿਆ ਕਿ 2019-20 ਦੀ ਚੌਥੀ ਤਿਮਾਹੀ  ਦੌਰਾਨ ਪਹਿਲਾਂ ਖਰੀਦੇ ਗਏ ਮਾਲ 'ਤੇ ਕੰਪਨੀ ਨੂੰ 14,692 ਕਰੋੜ ਰੁਪਏ ਦਾ ਨੁਕਸਾਨ ਚੁੱਕਣਾ ਪਿਆ ਜਦੋਂਕਿ ਇਕ ਸਾਲ ਪਹਿਲਾਂ ਇਸੇ ਮਿਆਦ 'ਚ ਰੱਖੇ ਮਾਲ 'ਤੇ 1,787 ਕਰੋੜ ਰੁਪਏ ਦਾ ਫਾਇਦਾ ਹੋਇਆ ਸੀ। ਇਕ ਸਾਲ ਪਹਿਲਾਂ ਜਨਵਰੀ-ਮਾਰਚ 2019 ਤਿਮਾਹੀ 'ਚ ਆਈ.ਓ.ਸੀ. ਦਾ ਰਿਫਾਇਨਰੀ ਮਾਰਜਨ 4.09 ਡਾਲਰ ਪ੍ਰਤੀ ਬੈਰਲ ਰਿਹਾ ਸੀ ਪਰ ਮਾਰਚ 2020 ਤਿਮਾਹੀ 'ਚ ਇਸ 'ਚ 9.64 ਡਾਲਰ ਪ੍ਰਤੀ ਬੈਰਲ ਦਾ ਨੁਕਸਾਨ ਕੰਪਨੀ ਨੂੰ ਹੋਇਆ। ਇਸ 'ਚ ਜੇਕਰ ਖਰੀਦੇ ਮਾਲ 'ਤੇ ਨੁਕਸਾਨ ਨੂੰ ਹਟਾ ਦਿੱਤਾ ਜਾਵੇ ਤਾਂ ਰਿਫਾਇਨਰੀ ਮਾਰਜਨ 2.15 ਡਾਲਰ ਪ੍ਰਤੀ ਬੈਰਲ ਰਿਹਾ। ਜ਼ਿਕਰਯੋਗਾ ਹੈ ਕਿ ਹਾਲ ਦੇ ਕੁਝ ਮਹੀਨਿਆਂ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਦੇ ਫੈਲਣ ਅਤੇ ਉਸ ਤੋਂ ਬਾਅਦ ਦੁਨੀਆ ਦੇ ਕਈ ਦੇਸ਼ਾਂ 'ਚ ਲਗਾਏ ਗਏ ਲਾਕਡਾਊਨ ਦੇ ਕਾਰਣ ਮੰਗ ਘੱਟਣ ਨਾਲ ਵਿਸ਼ਵ ਬਾਜ਼ਾਰ 'ਚ ਕੱਚੇ ਤੇਮ ਦੀ ਕੀਮਤ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ।

Karan Kumar

This news is Content Editor Karan Kumar